Chapter 2 of 2

ਓਜਿਸਟਾ

about 20 min

“ਓਜਿਸਟਾ। ਪੁੱਤ, ਉੱਠ ਜਾ।”

ਰਸੋਈ ‘ਚੋਂ ਆਉਂਦੀ ਆਕਸੋ ਦੀ ਆਵਾਜ਼ ਨੇ ਉਹਨੂੰ ਉਠਾ ਦਿੱਤਾ। ਤ੍ਰੇਲੋ-ਤ੍ਰੇਲੀ ਹੋਏ ਨੇ ਅੱਖਾਂ ਖੋਲ੍ਹੀਆਂ ਤਾਂ ਬਾਰੀ ‘ਚੋਂ ਪੈਂਦੀ ਸਵੇਰਲੀ ਧੁੱਪ ਦੀ ਕਿਰਨ ਨੇ ਉਹਦੀਆਂ ਅੱਖਾਂ ਲਿਸ਼ਕੋਰ ਨਾਲ਼ ਵਿੰਨ੍ਹ ਦਿੱਤੀਆਂ। ਦੂਰੋਂ ਰਸੋਈ ‘ਚੋਂ ਆਉਂਦੀਆਂ ਭਾਂਤ-ਭਾਂਤ ਦੀਆਂ ਮਹਿਕਾਂ ਓਜਿਸਟਾ ਦੇ ਨੱਕ ਨੂੰ ਟਣਕਾ ਰਹੀਆਂ ਸਨ। ਹਰ ਰੋਜ਼ ਵਾਂਗੂੰ, ਆਕਸੋ ਅੱਜ ਵੀ ਰਸੋਈ ਅੰਦਰ ਕੁਝ ਬਣਾ ਰਹੀ ਸੀ।

ਓਜਿਸਟਾ ਨੇ ਹੱਥ ਨਾਲ਼ ਮੱਥੇ ਤੋਂ ਮੁੜ੍ਹਕਾ ਪੂੰਝਿਆ। “ਖੌਰੇ ਕਿੱਦਾਂ ਦਾ ਸੁਪਨਾ ਸੀ?” ਉਹਨੇ ਮਨ ਹੀ ਮਨ ਸੋਚਿਆ। ਆਪਣੇ ਸੱਜੇ-ਖੱਬੇ ਵੇਖ ਕੇ ਉਹਨੂੰ ਕੁਝ ਚੈਨ ਆਇਆ। ਹੁਣ ਰਸੋਈ ‘ਚੋਂ ਆਉਂਦੀਆਂ ਆਵਾਜ਼ਾਂ ਕਿਸੇ ਚੀਜ਼ ਦੇ ਉੱਬਲਣ ਦੇ ਸ਼ੋਰ ਹੇਠ ਕੁਝ ਚੁੱਪ ਹੋ ਗਈਆਂ ਸਨ।

“ਮੇਰੇ ਪੁੱਤ। ਉੱਠ ਜਾ। ਸੂਰਜ ਤਾਂ ਤੈਥੋਂ ਪਹਿਲਾਂ ਉੱਠ ਪਿਆ।” ਆਕਸੋ ਨੇ ਉਹਦੇ ਨੇੜੇ ਆ ਕੇ ਸਿਰ ਪਲੋਸਦਿਆਂ ਆਖਿਆ।

ਆਕਸੋ ਨੇ ਉਹਦੇ ਉੱਤੋਂ ਕੰਬਲ ਖਿੱਚਿਆ ਅਤੇ ਉਹ ਮੁਸਕਰਾ ਪਿਆ। ਇਹ ਖੇਡ ਉਹ ਹਰ ਸਵੇਰ ਖੇਡਦੇ। ਆਕਸੋ ਪਹਿਲੀ ਵਾਰ ਜਗਾਉਂਦੀ, ਉਹ ਮੂੰਹ ਛੁਪਾ ਲੈਂਦਾ। ਫੇਰ ਆਕਸੋ ਨੇੜੇ ਆ ਕੇ ਕੰਬਲ ਖਿੱਚਦੀ। ਪਰ ਉਹਦੀਆਂ ਉਂਗਲ਼ਾਂ ਏਨੀਆਂ ਨਰਮ ਹੁੰਦੀਆਂ ਕਿ ਕੰਬਲ ਖਿੱਚਣ ਤੋਂ ਪਹਿਲਾਂ ਹੀ ਉਹ ਆਪ ਹੱਸ ਪੈਂਦਾ।

“ਉੱਠ ਜਾ, ਮੇਰੀਏ ਚਿੜੀਏ, ਨਹੀਂ ਤਾਂ ਮੈਂ ਉਹਨਾਂ ਗੋਰਿਆਂ ਨੂੰ ਆਖ ਦਿਆਂਗੀ। ਮੈਂ ਆਖਾਂਗੀ — ਇਹ ਮੁੰਡਾ ਛੇਤੀ ਨਹੀਂ ਉੱਠਦਾ, ਇਹਨੂੰ ਆਪਣੇ ਸਕੂਲ ਵਿੱਚ ਲੈ ਜਾਓ! ਉੱਥੇ ਉਹ ਤੜਕੇ ਘੰਟੀ ਖੜਕਾਉਣਗੇ ਅਤੇ ਤੈਨੂੰ ਮੁਰਗੇ ਵਾਂਗੂੰ ਉਠਾਉਣਗੇ।”

“ਕੁਕੜੂ-ਕੜੂ!” ਕੁੱਕੜ ਦੀ ਆਵਾਜ਼ ਦੀ ਨਕਲ ਕਰਦਿਆਂ ਓਜਿਸਟਾ ਖਿੜ ਉੱਠਿਆ। ਉਹਦੀਆਂ ਸ਼ਰਾਰਤਾਂ ਵੇਖ ਆਕਸੋ ਨੇ ਉਹਨੂੰ ਘੁੱਟ ਕੇ ਗਲਵੱਕੜੀ ਵਿੱਚ ਲੈ ਲਿਆ।

ਉਹਨੇ ਮਾਸੂਮ ਆਵਾਜ਼ ਵਿੱਚ ਗੁਸੈਲੇ ਲਹਿਜੇ ਨਾਲ਼ ਆਖਿਆ, “ਅਸੀਂ ਉੱਥੇ ਨਹੀਂ ਜਾਣਾ।”

ਆਕਸੋ ਦੀਆਂ ਅੱਖਾਂ ਵਿੱਚ ਇੱਕ ਪਲ ਲਈ ਕੁਝ ਆਇਆ ਅਤੇ ਲੰਘ ਗਿਆ। ਫੇਰ ਉਹ ਮੁਸਕਰਾਈ ਅਤੇ ਉਹਦੇ ਮੱਥੇ ਨੂੰ ਚੁੰਮ ਲਿਆ। “ਨਹੀਂ ਜਾਣਾ। ਤੇ ਉੱਠ ਛੇਤੀ। ਟੇਕੇਨੀ1 ਵੀ ਤੈਨੂੰ ਉਡੀਕ ਰਿਹਾ ਹੋਣਾ।”

ਉਹਨੇ ਪਲੰਗ ਦੇ ਪੋਲੇ ਗੱਦੇ ਦਾ ਖਹਿੜਾ ਛੱਡਿਆ ਅਤੇ ਉੱਠ ਕੇ ਕਮਰੇ ਤੋਂ ਬਾਹਰ ਵੱਲ ਨੂੰ ਵਧਿਆ।

ਘਰ ਅੰਦਰ ਚਾਨਣ ਮੂੰਹ ਕੱਢ ਚੁੱਕਾ ਸੀ। ਅੰਗਰੇਜ਼ੀ ਟਾਈਮਪੀਸ ਦੀਆਂ ਦੋਵੇਂ ਸੂਈਆਂ IX ਅਤੇ X ਦੇ ਵਿਚਾਲੇ ਬੈਠੀਆਂ ਹੋਈਆਂ ਸਨ। ਬਾਰੀਆਂ ਵਿੱਚੋਂ ਆਉਂਦੀ ਧੁੱਪ ਫ਼ਰਸ਼ ਉੱਤੇ ਦੋ ਸੁਨਹਿਰੀ ਪੱਟੀਆਂ ਵਾਂਗੂੰ ਪਈ ਹੋਈ ਸੀ। ਚਿੱਟੇ ਬਲੂਤ ਦਾ ਫ਼ਰਸ਼, ਜੋ ਅਜੇ ਵੀ ਨਵੇਂ ਵਾਂਗ ਜਾਪ ਰਿਹਾ ਸੀ, ਆਪਣਾ ਪੂਰਾ ਜਲੌ ਦਿਖਾਉਂਦਾ ਪਿਆ ਸੀ। ਛੱਤ ਦੇ ਸ਼ਤੀਰਾਂ ਉੱਤੋਂ ਮੱਕੀ ਦੀਆਂ ਪੀਲੀਆਂ ਛੱਲੀਆਂ, ਸੁੱਕੇ ਮੀਟ ਦੀਆਂ ਪੱਟੀਆਂ, ਅਤੇ ਬੇਰੀਆਂ ਨਾਲ਼ ਭਰੇ ਛਾਬੇ ਲਮਕ ਰਹੇ ਸਨ। ਇੱਕ ਕੰਧ ਉੱਤੇ ਹਿਰਨ ਦੀ ਖੱਲ ਇੱਕ ਲੱਕੜ ਦੇ ਫ਼੍ਰੇਮ ਵਿੱਚ ਖਿੱਚੀ ਪਈ ਸੀ। ਉਹਦੇ ਨਾਲ਼ ਇੱਕ ਰੈਮਿੰਗਟਨ ਮਾਡਲ-8 ਰਾਇਫ਼ਲ ਕਿੱਲੀਆਂ ਉੱਤੇ ਅੜਾ ਕੇ ਰੱਖੀ ਹੋਈ ਸੀ। ਉਹਦਾ ਲਾਲ ਲੱਕੜ ਦਾ ਬੱਟ ਧੁੱਪ ਵਿੱਚ ਲਿਸ਼ਕਾਂ ਮਾਰ ਰਿਹਾ ਸੀ। ਆਕਸੋ ਦੱਸਦੀ ਹੁੰਦੀ ਸੀ ਕਿ ਇਹ ਉਹਦੇ ਨਾਨੇ ਦੀ ਰਾਇਫ਼ਲ ਸੀ, ਜਿਹਦੇ ਨਾਲ਼ ਉਹਨੇ ਕਿੰਨੇ ਹੀ ਡਾਕੂਆਂ ਅਤੇ ਜੰਗਲੀ ਜਾਨਵਰਾਂ ਤੋਂ ਆਪਣੇ ਕਬੀਲੇ ਅਤੇ ਘਰ ਦੀ ਰਾਖੀ ਕੀਤੀ ਸੀ। ਪਰ ਉਹਦੇ ਗੁਜ਼ਰਨ ਤੋਂ ਬਾਅਦ ਹੁਣ ਇਹ ਰਾਇਫ਼ਲ ਇੱਕ ਯਾਦਗਾਰ ਜਿਹੀ ਚੀਜ਼ ਬਣ ਕੇ ਰਹਿ ਗਈ ਸੀ।

ਰਸੋਈ ਕੋਲੋਂ ਉੱਬਲਣ ਦੀ ਆਵਾਜ਼ ਉਹਨੂੰ ਹੋਰ ਤੇਜ਼ ਹੁੰਦੀ ਲੱਗੀ। “ਆਕਸੋ, ਰਸੋਈ ਵਿੱਚ ਵੇਖਿਓ!” ਏਨਾ ਆਖ ਕੇ ਓਜਿਸਟਾ ਆਪ ਘਰ ਤੋਂ ਬਾਹਰ ਵੱਲ ਨੂੰ ਹੋ ਗਿਆ। “ਵੇਖਨੀ ਆਂ ਪੁੱਤ,” ਆਕਸੋ ਹੌਲ਼ੇ ਕਦਮ ਪੁੱਟਦੀ ਰਸੋਈ ਵੱਲ ਨੂੰ ਚਲੀ ਗਈ।

ਬਾਹਰ ਪਏ ਲੱਕੜ ਦੇ ਟੱਬ ਵਿੱਚੋਂ ਪਾਣੀ ਦਾ ਬੁੱਕ ਭਰ ਕੇ ਓਜਿਸਟਾ ਨੇ ਮੂੰਹ ‘ਤੇ ਛੱਟੇ ਮਾਰੇ। ਜੋ ਰਾਤ ਦੀ ਨੀਂਦ ਸੀ, ਉਹ ਛੇਤੀ ਹੀ ਸ਼ਉ-ਮਉ ਹੋ ਗਈ। ਝੁਕੇ ਹੋਏ ਪਾਣੀ ਵਿੱਚੋਂ ਪੈਂਦੀ ਆਪਣੇ ਚਿਹਰੇ ਦੀ ਝਲਕ ਵਿੱਚ ਉਹ ਖੋਅ ਗਿਆ। ਬਾਲ ਮੁਹਾਂਦਰਾ, ਸੁਨਹਿਰੀ-ਕਣਕ ਵੰਨਾ ਰੰਗ, ਤਿੱਖੀਆਂ ਅੱਖਾਂ ਜਿਨ੍ਹਾਂ ਵਿੱਚੋਂ ਉਹਦੀਆਂ ਚਾਂਦੀ ਰੰਗੀਆਂ ਅੱਖਾਂ ਮਾੜੀਆਂ-ਮਾੜੀਆਂ ਦਿਸਦੀਆਂ ਸਨ, ਅਤੇ ਪਿੱਛੇ ਨੂੰ ਕੀਤੇ ਹੋਏ ਰੰਗ-ਬਰੰਗੀਆਂ ਪਰਾਂਦੀਆਂ ‘ਚ ਗੁੰਦੇ ਲੰਮੇ ਕਾਲ਼ੇ ਕੇਸ।

ਖ਼ਿਆਲਾਂ ‘ਚ ਖੁੱਸੇ ਓਜਿਸਟਾ ਨੂੰ ਦੂਰੋਂ ਜੰਗਲ ‘ਚੋਂ ਆਉਂਦੀ ਚਿੜੀਆਂ ਦੀ ਚੀਂ-ਚੀਂ ਨੇ ਉਠਾ ਦਿੱਤਾ। ਉਹਨੇ ਹਰ ਰੋਜ਼ ਦੀ ਤਰ੍ਹਾਂ ਆਪਣੇ ਗੁਆਂਢ ‘ਚ ਵਸਦੀ ਕੁਦਰਤ ਨੂੰ ਤੱਕਿਆ। ਘਰ ਦੇ ਨੇੜੇ ਲੱਗਦੀ ਅਸਮਾਨ-ਰੰਗੀ ਵਾਈਟਮੈਨਜ਼ ਕ੍ਰੀਕ2, ਜਿੱਥੋਂ ਅਕਸਰ ਹੀ ਉਹ ਆਪਣੇ ਬਾਪੂ ਨਾਲ਼ ਜਾ ਕੇ ਮੱਛੀਆਂ ਫੜ੍ਹਦਾ ਹੁੰਦਾ ਸੀ, ਢਲਦੇ ਬਸੰਤ ਦੀ ਸਵੇਰ ਵਾਲੀ ਧੁੱਪ ਨਾਲ਼ ਚਮਕ ਰਹੀ ਸੀ। ਸਿਰਫ਼ ਨਦੀ ਹੀ ਨਹੀਂ, ਲਾਗੇ ਦੀ ਸਾਰੀ ਬਨਸਪਤ ਇੰਝ ਜਾਪ ਰਹੀ ਸੀ ਜਿਵੇਂ ਕਿਸੇ ਦੇਵ-ਪੁਰਸ਼ ਦੇ ਆਗਮਨ ਲਈ ਬੈਠੀ ਹੋਵੇ। ਇਹ ਸਭ ਦਾ ਦ੍ਰਿਸ਼ ਏਨਾ ਸੁੰਦਰ ਸੀ ਕਿ ਜੇ ਕੋਈ ਉਹਨੂੰ ਪੁੱਛਦਾ “ਸਵਰਗ ਕਿੱਥੇ ਹੈ?” ਤਾਂ ਉਹ ਉਂਗਲ ਨਾਲ਼ ਆਪਣਾ ਘਰ ਦਿਖਾ ਦਿੰਦਾ। ਘਾਹ ਦੇ ਸਿਰ ਉੱਤੇ ਰਾਤ ਦੀ ਪਈ ਤ੍ਰੇਲ ਦੀਆਂ ਬੂੰਦਾਂ ਇੰਝ ਜਾਪ ਰਹੀਆਂ ਸਨ ਜਿਵੇਂ ਮੋਤੀ ਖਿਲਰੇ ਹੋਣ, ਜੋ ਧੁੱਪ ਨਾਲ਼ ਹੋਰ ਚਮਕ ਰਹੇ ਸਨ। ਪੂਰਬ ਵੱਲ, ਖੇਤਾਂ ਦੇ ਪਰੇ, ਨਦੀ ਉੱਤੋਂ ਚਿੱਟੀ ਧੁੰਦ ਉੱਠ ਰਹੀ ਸੀ। ਜਿਵੇਂ ਪਾਣੀ ਆਪ ਨੀਂਦ ਵਿੱਚੋਂ ਸਾਹ ਛੱਡ ਰਿਹਾ ਹੋਵੇ। ਉੱਚੇ ਮੇਪਲਾਂ ਅਤੇ ਬਿਰਚਾਂ ਦੇ ਨਵੇਂ ਪੂੰਗਰੇ ਪੱਤੇ ਵਗਦੀ ਹਵਾ ਨਾਲ਼ ਝੂਮ ਰਹੇ ਸਨ। ਦੂਰ-ਦੁਰਾਡਿਓਂ ਜੰਗਲ ਦੇ ਅੰਦਰੋਂ ਜੀਅ-ਜੰਤੂਆਂ ਦੀਆਂ ਕੂਕਾਂ ਆ ਰਹੀਆਂ ਸਨ।

ਕੁਦਰਤ ਨੂੰ ਨਿਹਾਰਦਿਆਂ ਉਹਨੇ ਲਾਗੇ ਕੁਰਸੀ ‘ਤੇ ਪਾਏ ਤੌਲੀਏ ਨਾਲ਼ ਮੂੰਹ ਪੂੰਝਿਆ ਅਤੇ ਮੁੜ ਅੰਦਰ ਵੱਲ ਨੂੰ ਹੋ ਗਿਆ। ਭੁੱਖ ਨਾਲ਼ ਢਿੱਡ ਗੁੜ-ਗੁੜ ਕਰ ਰਿਹਾ ਸੀ। ਆਕਸੋ ਨੂੰ ਰਸੋਈ ‘ਚ ਲੱਗੀ ਵੇਖ ਕੇ ਉਹ ਅੰਦਰ ਚਲਾ ਗਿਆ।

ਆਕਸੋ ਦਾ ਅਸਲ ਨਾਂ ਕਾਟੇਰੀ ਸੀ, ਪਰ ਇਲਾਕੇ ਵਿੱਚ ਵੱਡੀ ਉਮਰ ਦੀ ਹੋਣ ਕਰਕੇ ਸਭ ਉਹਨੂੰ ਪਿਆਰ ਨਾਲ਼ ਮਾਂ ਜੀ ਆਖ ਕੇ ਬੁਲਾਉਂਦੇ ਸਨ। ਉਹ ਮਧਰੇ ਕੱਦ ਦੀ, ਮੋਹਾਕ ਕਬੀਲੇ ਦੇ ਸਰਦਾਰਾਂ ਦੀ ਧੀ ਸੀ। ਭਾਵੇਂ ਅੱਜ ਉਹਦਾ ਮੂੰਹ ਅਤੇ ਸਰੀਰ ਸਮੇਂ ਦੀਆਂ ਦਿੱਤੀਆਂ ਝੁਰੜੀਆਂ ਅਤੇ ਕਮਜ਼ੋਰ ਹੁੰਦੇ ਅੰਗਾਂ ਕਰਕੇ ਪਹਿਲਾਂ ਵਰਗਾ ਨਹੀਂ ਸੀ ਰਿਹਾ, ਪਰ ਫੇਰ ਵੀ ਪੰਝੱਤਰ ਸਾਲ ਦੀ ਉਮਰ ਵਿੱਚ ਉਹ ਘਰ ਦਾ ਸਾਰਾ ਕੰਮ ਆਪ ਕਰਦੀ ਸੀ। ਰਸੋਈ ‘ਚ ਬੈਠੀ ਦੀ ਉਹਦੀ ਚਾਂਦੀ ਰੰਗੇ ਵਾਲ਼ਾਂ ਦੀ ਲੰਮੀ ਗੁੱਤ ਪਿੱਠ ਉੱਤੇ ਲਮਕਦੀ ਪਈ ਸੀ, ਅਤੇ ਉਹ ਕੁਝ ਗੁਣਗੁਣਾ ਰਹੀ ਸੀ। ਓਜਿਸਟਾ ਨੇ ਪਿੱਛੋਂ ਆ ਕੇ ਉਹਨੂੰ ਜੱਫੀ ਪਾ ਲਈ ਅਤੇ ਘੁੱਟ ਕੇ ਉਹਦਾ ਮੂੰਹ ਚੁੰਮਿਆ।

“ਹਾਂ ਵੀ, ਲੱਗਦਾ ਮੁੰਡੇ ਨੂੰ ਭੁੱਖ ਲੱਗੀ ਆ, ਤਾਂਹੀ ਏਨੀਆਂ ਲਾਡੀਆਂ ਕਰ ਰਿਹਾ ਏ!”

“ਹੇਹੇ। ਹੁਣ ਮੇਰੀ ਨਿੱਕੀ ਜਿਹੀ ਢਿੱਡੀ ਆ, ਮੈਂ ਕੀ ਕਰਾਂ?” ਏਨੀ ਗੱਲ ਆਖੀ ਹੀ ਸੀ ਕਿ ਉਹਦੇ ਢਿੱਡ ਵਿੱਚੋਂ ਮੁੜ ਚੂਹੇ ਬੋਲ ਪਏ।

ਭਾਵੇਂ ਓਜਿਸਟਾ ਅਜੇ ਸਿਰਫ਼ ਸੱਤ ਸਾਲ ਦਾ ਸੀ, ਪਰ ਉਹਦੀ ਹਾਜ਼ਰ-ਜਵਾਬੀ ਅਤੇ ਚੰਗੀ ਸਿਹਤ ਤੋਂ ਲੋਕ ਉਹਦੀ ਉਮਰ ਦਾ ਭੁਲੇਖਾ ਖਾ ਜਾਂਦੇ ਸਨ।

“ਦਿੰਨੀ ਆਂ ਪੁੱਤ, ਦੇਖ ਤੇਰੇ ਸਾਹਮਣੇ ਰੱਖਿਆ ਹੋਇਆ ਆ। ਬੁੱਝ ਖਾਂ, ਕੀ ਬਣਾਇਆ ਆ?”

“ਹੂੰ — ਏਦਾਂ ਲੱਗਦਾ ਜਿਵੇਂ ਕਾਰਨਬਰੈੱਡ ਹੋਵੇ! ਅੰਦਰ ਬੀਨਜ਼ ਵੀ ਨੇ ਕਿ ਨਹੀਂ?”

“ਆਹੋ ਆਹੋ, ਅੰਦਰ ਬੀਨਜ਼ ਵੀ ਪਾਈਆਂ ਆਂ ਮੈਂ। ਤੇਰੀਆਂ ਮਨਪਸੰਦ।”

ਆਕਸੋ ਨੇ ਪਲੇਟ ਵਿੱਚ ਉੱਬਲੇ ਹੋਏ ਕਾਰਨਬਰੈੱਡ ਦੇ ਪੇੜੇ ਰੱਖੇ, ਜਿਨ੍ਹਾਂ ਦੇ ਚਿੱਟੇ ਆਟੇ ਵਿੱਚੋਂ ਥਾਂ-ਥਾਂ ਲਾਲ-ਜਾਮਣੀ ਬੀਨਜ਼ ਝਾਕ ਰਹੀਆਂ ਸਨ। ਉੱਤੋਂ ਉਹਨੇ ਮੇਪਲ ਸ਼ਰਬਤ ਦੀਆਂ ਚਾਰ ਬੂੰਦਾਂ ਛਿੜਕੀਆਂ। ਓਜਿਸਟਾ ਨੇ ਪਹਿਲਾ ਟੁਕੜਾ ਮੂੰਹ ਵਿੱਚ ਪਾਇਆ। ਅੱਖਾਂ ਆਪੇ ਮੀਟੀਆਂ ਗਈਆਂ।

“ਹਾਏ, ਏਨੇ ਸੁਆਦ! ਤੇਰੇ ਹੱਥ ਵਿੱਚ ਤੇ ਕੋਈ ਜਾਦੂ ਈ ਪਿਆ ਏ।”

ਆਕਸੋ ਹੱਸ ਪਈ। “ਜਾਦੂ ਨਹੀਂ, ਪੁੱਤ। ਪਿਆਰ। ਜੋ ਪਿਆਰ ਨਾਲ਼ ਪਕਾਇਆ ਜਾਵੇ, ਉਹਦਾ ਸੁਆਦ ਆਪੇ ਆ ਜਾਂਦਾ ਆ।”

ਸਵੇਰ ਦੀ ਰੋਟੀ ਮੁੱਕਾ ਕੇ ਉਹ ਫੇਰ ਬਾਹਰ ਵੱਲ ਨੂੰ ਹੋ ਗਿਆ। ਘਰ ਦੇ ਪਿੱਛੇ ਲੱਕੜ ਦਾ ਛੋਟਾ ਜਿਹਾ ਤਬੇਲਾ ਸੀ, ਜਿਹਦਾ ਦਰਵਾਜ਼ਾ ਜਦੋਂ ਉਹਨੇ ਖੋਲ੍ਹਿਆ, ਅੰਦਰ ਦੀ ਨਿੱਘੀ ਮਹਿਕ ਨੇ ਉਹਨੂੰ ਆਪਣੇ ਵਿੱਚ ਲੈ ਲਿਆ। ਪਰਾਲੀ ਦੀ, ਜਾਨਵਰਾਂ ਦੀ, ਅਤੇ ਉਹ ਮਿੱਠੀ-ਮਿੱਠੀ ਜਿਹੀ ਮਹਿਕ ਜੋ ਪਸ਼ੂਆਂ ਵਾਲੀਆਂ ਥਾਵਾਂ ਨਾਲ਼ ਜੁੜੀ ਹੁੰਦੀ ਹੈ ਉਹਨੇ ਜਿਵੇਂ ਓਜਿਸਤਾ ਦਾ ਸਵਾਗਤ ਕੀਤਾ ਹੋਵੇ।

ਟੇਕੇਨੀ ਉਹਨੂੰ ਵੇਖ ਕੇ ਅੱਗੇ ਹੋਇਆ ਅਤੇ ਹਿਣਕਣ ਲੱਗਾ। ਉਹਨੂੰ ਪਹਿਲੀ ਵਾਰ ਵੇਖਣ ਵਾਲ਼ਾ ਸ਼ਸ਼ੋਪੰਜ ਵਿੱਚ ਪੈ ਜਾਂਦਾ ਸੀ। ਇੱਕ ਪਾਸੇ ਦੀ ਖੱਲ ਗੂੜ੍ਹੀ ਭੂਰੀ — ਏਨੀ ਗੂੜ੍ਹੀ ਕਿ ਛਾਂ ਵਿੱਚ ਕਾਲ਼ੀ ਜਾਪਦੀ। ਦੂਜੇ ਪਾਸੇ ਦੀ ਖੱਲ ਚਿੱਟੀ, ਬਰਫ਼ ਜਿਹੀ। ਮੂੰਹ ਉੱਤੋਂ ਇੱਕ ਚੌੜੀ ਚਿੱਟੀ ਲਕੀਰ ਉੱਤਰਦੀ ਜੋ ਨੱਕ ਦੇ ਨੇੜੇ ਆ ਕੇ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ। ਸਾਹਮਣਿਓਂ ਵੇਖੋ ਤਾਂ ਚਿਹਰਾ ਇੰਝ ਜਾਪਦਾ ਜਿਵੇਂ ਦੋ ਘੋੜੇ ਆਪਣੇ ਮੂੰਹ ਜੋੜ ਕੇ ਖੜ੍ਹੇ ਹੋਣ। ਆਕਸੋ ਆਖਦੀ ਹੁੰਦੀ ਸੀ, “ਜਦੋਂ ਰੱਬ ਨੇ ਉਹਨੂੰ ਬਣਾਇਆ ਸੀ, ਤਾਂ ਲੱਗਦਾ ਉਹ ਫ਼ੈਸਲਾ ਨਾ ਕਰ ਸਕਿਆ ਕਿ ਕਾਲ਼ਾ ਘੋੜਾ ਬਣਾਵਾਂ ਜਾਂ ਚਿੱਟਾ। ਸੋ ਉਹਨੇ ਦੋਵੇਂ ਇੱਕੋ ਖੱਲ ਅੰਦਰ ਪਾ ਦਿੱਤੇ।”

ਟੇਕੇਨੀ ਦੇ ਨਾਲ਼ ਹੀ ਉਹਨਾਂ ਦੀ ਗਾਂ ਖੜ੍ਹੀ ਸੀ — ਜਿਹਨੂੰ ਆਕਸੋ ਪਿਆਰ ਨਾਲ਼ ਨੀਲੋ ਆਖਦੀ। ਨੀਲੋ ਦਾ ਨਾਂ ਉਹਦੀਆਂ ਨੀਲੀਆਂ-ਸਲੇਟੀ ਅੱਖਾਂ ਤੋਂ ਪਿਆ ਸੀ। ਨੀਲੋ ਦੇ ਨੇੜੇ ਉਹਦਾ ਨਵਾਂ ਵੱਛਾ, ਜੋ ਇਸੇ ਬਸੰਤ ਜੰਮਿਆ ਸੀ, ਆਪਣੀ ਮਾਂ ਦੀਆਂ ਲੱਤਾਂ ਨਾਲ਼ ਆਪਣਾ ਮੂੰਹ ਘਸਾ ਰਿਹਾ ਸੀ। ਇੱਕ ਨੁੱਕਰ ਵਿੱਚ ਚਾਰ-ਪੰਜ ਕੁੱਕੜੀਆਂ ਅਤੇ ਇੱਕ ਕੁੱਕੜ ਸੀ, ਜੋ ਆਪਣੀ ਕਲਗ਼ੀ ਉੱਚੀ ਕਰ ਕੇ ਇੰਝ ਤੁਰਦਾ ਜਿਵੇਂ ਪੂਰੇ ਤਬੇਲੇ ਦਾ ਮਾਲਕ ਉਹੀ ਹੋਵੇ।

ਅਤੇ ਉਹਨਾਂ ਸਭ ਦੇ ਵਿਚਕਾਰ ਖੜ੍ਹਾ ਸੀ ਚਿਨੂਕ3। ਮੋਟੀ ਅਤੇ ਦੋਹਰੀ ਖੱਲ — ਅੰਦਰੋਂ ਸੰਘਣੀ ਅਤੇ ਨਰਮ, ਉੱਪਰੋਂ ਲੰਮੀ ਅਤੇ ਸੁਨਹਿਰੀ। ਮੋਢੇ ਚੌੜੇ, ਪੂਛ ਪਿੱਠ ਉੱਤੇ ਮੁੜੀ ਹੋਈ, ਪੀਲੀਆਂ-ਸੁਨਹਿਰੀ ਅੱਖਾਂ। ਇੱਕ ਕੰਨ ਖੜ੍ਹਾ ਅਤੇ ਦੂਜਾ ਅੱਧਾ ਟੁੱਟਿਆ ਪਿਆ, ਜਿਵੇਂ ਉਹਨੂੰ ਸਾਰੀ ਦੁਨੀਆ ਸੁਣਨ ਵਿੱਚ ਦਿਲਚਸਪੀ ਨਾ ਹੋਵੇ। ਆਕਸੋ ਆਖਦੀ ਕਿ ਚਿਨੂਕ ਦੇ ਪੁਰਖੇ ਉੱਤਰ ਦੇ ਸਦਾ-ਬਰਫ਼ੀਲੇ ਇਲਾਕਿਆਂ ਵਿੱਚ ਸਲੈੱਜਾਂ ਖਿੱਚਦੇ ਹੁੰਦੇ ਸੀ। “ਪਰ ਹੁਣ ਇਹਦੇ ਵਰਗੇ ਬਹੁਤ ਘੱਟ ਰਹਿ ਗਏ ਨੇ, ਪੁੱਤ। ਇਹ ਆਖ਼ਰੀ ਪੀੜ੍ਹੀ ਏ।” ਜਦੋਂ ਉਹ ਇਹ ਆਖਦੀ, ਉਹਦੀਆਂ ਅੱਖਾਂ ਵਿੱਚ ਕੁਝ ਅਜਿਹਾ ਆ ਜਾਂਦਾ ਜਿਹੜਾ ਓਜਿਸਟਾ ਨੂੰ ਸਮਝ ਨਾ ਆਉਂਦਾ।

ਚਿਨੂਕ ਨੇ ਉਹਦੀ ਲੱਤ ਨੂੰ ਜੀਭ ਨਾਲ਼ ਚੱਟਿਆ ਅਤੇ ਆਪਣਾ ਮੂੰਹ ਘਸਾਉਣ ਲੱਗਾ। ਓਜਿਸਟਾ ਨੇ ਥੱਲੇ ਝੁਕ ਕੇ ਉਹਦੇ ਕੰਨਾਂ ਦੇ ਪਿੱਛੇ ਖੁਜਾਇਆ। ਫੇਰ ਟੇਕੇਨੀ ਦੀ ਗਰਦਨ ‘ਤੇ ਹੱਥ ਫੇਰ ਕੇ ਉਹਦੇ ਕੰਨ ਵਿੱਚ ਘੁਸਰ-ਮੁਸਰ ਕੀਤੀ, “ਅੱਜ ਫੇਰ ਕ੍ਰੀਕ ਤੇ ਜਾਵਾਂਗੇ, ਠੀਕ ਏ ਨਾ?” ਟੇਕੇਨੀ ਨੇ ਪੂਛ ਮਾਰੀ ਜਿਵੇਂ ਹਾਮੀ ਭਰ ਰਿਹਾ ਹੋਵੇ।

ਫੇਰ ਚਿਨੂਕ ਦੇ ਕੰਨ ਖੜ੍ਹੇ ਹੋਏ। ਪਹਿਲਾਂ ਉਹ ਜਿਹੜਾ ਖੜ੍ਹਾ ਸੀ, ਫੇਰ ਦੂਜਾ ਟੁੱਟਾ ਹੋਇਆ ਵੀ ਅੱਧਾ ਕੁ ਉੱਠਣ ਦੀ ਕੋਸ਼ਿਸ਼ ਕਰਨ ਲੱਗਾ। ਉਹਦੀ ਪੂਛ ਹਿੱਲੀ। ਓਜਿਸਟਾ ਨੇ ਮੁੜ ਕੇ ਵੇਖਿਆ।

ਦੂਰ, ਖੇਤਾਂ ਦੀ ਰਾਹ ਉੱਤੇ ਇੱਕ ਪਰਛਾਵਾਂ ਆ ਰਿਹਾ ਸੀ। ਮੋਢੇ ਉੱਤੇ ਬੋਰੇ ਵਰਗਾ ਥੈਲਾ। ਚਾਲ ਥੱਕੀ, ਪਰ ਨਾ ਰੁਕਣ ਵਾਲੀ।

“ਪਾਪਾ!”

ਓਜਿਸਟਾ ਨੇ ਤਬੇਲੇ ਦਾ ਦਰਵਾਜ਼ਾ ਪੂਰਾ ਨਾ ਬੰਦ ਕੀਤਾ, ਚਿਨੂਕ ਉਹਦੇ ਪਿੱਛੇ ਛਾਲਾਂ ਮਾਰਦਾ ਪਗਡੰਡੀ ਵੱਲ ਨੂੰ ਦੌੜ ਪਿਆ।

ਨੇੜੇ ਆਉਂਦਿਆਂ ਉਹਨੂੰ ਆਪਣਾ ਪਿਓ ਪੂਰਾ ਦਿਸਣ ਲੱਗਾ। ਉੱਚਾ ਕੱਦ — ਏਨਾ ਉੱਚਾ ਕਿ ਘਰ ਦੇ ਦਰਵਾਜ਼ੇ ਥੱਲੇ ਉਹਨੂੰ ਥੋੜ੍ਹਾ ਜਿਹਾ ਝੁਕਣਾ ਪੈਂਦਾ ਸੀ। ਮੋਢੇ ਚੌੜੇ। ਚਿਹਰੇ ‘ਤੇ ਚਾਰ ਦਿਨ ਦੀ ਨਾ-ਕੱਟੀ ਦਾੜ੍ਹੀ। ਮਾਰੀਆਂ ਹੋਈਆਂ ਅੱਖਾਂ, ਜੋ ਸਾਫ਼ ਦੱਸ ਰਹੀਆਂ ਸਨ ਕਿ ਅੰਦਰੋਂ ਕੁਝ ਟੁੱਟਿਆ ਹੋਇਆ ਏ। ਹੱਥ ਪੁਰਾਣੀ ਚਮੜੀ ਜਿਹੇ, ਜਿਨ੍ਹਾਂ ਉੱਤੇ ਕੰਮ ਦੇ ਘੱਟੇ ਅਤੇ ਜ਼ਖ਼ਮਾਂ ਦੇ ਚਿੱਟੇ ਨਿਸ਼ਾਨ ਸਨ।

ਉਹਦੇ ਬਾਪ ਦਾ ਨਾਂ ਓਨਸ ਸੀ। ਉਹ ਇਰੋਕੁਆ ਕੌਮ ਦੀ ਓਨੀਡਾ ਸ਼ਾਖਾ ਦਾ ਸੀ। ਇੱਕ ਸਮੇਂ ਹੱਸਮੁੱਖ ਰਹਿਣ ਵਾਲਾ ਉਹ ਬੰਦਾ ਅੱਜ ਬਿਲਕੁਲ ਮੁਰਝਾ ਗਿਆ ਸੀ। ਟੀ.ਬੀ. ਦੀ ਨਾਮੁਰਾਦ ਬਿਮਾਰੀ ਨੇ ਉਹਦੇ ਘਰ ਨੂੰ ਖ਼ਾਲੀ ਕਰ ਦਿੱਤਾ ਸੀ — ਪਹਿਲਾਂ ਮਾਂ-ਪਿਓ, ਫੇਰ ਦੋਵੇਂ ਭਰਾ, ਅਤੇ ਅਖ਼ੀਰ ਉਹਦੀ ਘਰਵਾਲੀ — ਓਜਿਸਟਾ ਦੀ ਮਾਂ। ਹੁਣ ਆਕਸੋ ਅਤੇ ਓਜਿਸਟਾ ਹੀ ਉਹਦੇ ਆਪਣੇ ਰਹਿ ਗਏ ਸਨ। ਭਾਵੇਂ ਆਕਸੋ ਉਹਦੀ ਸੱਸ ਸੀ, ਪਰ ਪਤਨੀ ਦੇ ਜਾਣ ਤੋਂ ਬਾਅਦ ਉਹਨੇ ਆਪ ਹੀ ਉਹਨੂੰ ਇਸਟਾ4 ਆਖਣਾ ਸ਼ੁਰੂ ਕਰ ਦਿੱਤਾ ਸੀ।

ਸਿਆਲਾਂ ਵਿੱਚ ਵਾਧੂ ਸ਼ਿਕਾਰ ਹੋਣ ਕਰਕੇ ਉਹ ਘਰ ਦੇ ਲਾਗੇ ਦੇ ਜੰਗਲ ਵਿੱਚੋਂ ਸ਼ਿਕਾਰ ਕਰਨ ਚਲਾ ਜਾਂਦਾ ਸੀ। ਸ਼ਿਕਾਰ ਕੀਤੇ ਮੂਜ਼, ਹਿਰਨ, ਬੀਵਰ ਵਰਗੇ ਕਈ ਜਾਨਵਰਾਂ ਨੂੰ ਉਹ ਮੋਢੇ ‘ਤੇ ਜਾਂ ਬੱਗੀ ਤੇ ਲੱਧ ਕੇ ਲੈ ਆਉਂਦਾ ਹੁੰਦਾ ਸੀ। ਪਰ ਜਦੋਂ ਗਰਮੀਆਂ ਆਉਂਦੀਆਂ, ਸ਼ਿਕਾਰ ਘਟਣ ਕਰਕੇ ਉਹਨੂੰ ਸ਼ਹਿਰ ਜਾਣਾ ਪੈਂਦਾ — ਉੱਥੇ ਜਿੱਥੇ ਗੋਰੇ ਠੇਕੇਦਾਰਾਂ ਨੂੰ ਲੇਬਰ ਵਾਸਤੇ “ਇੰਡੀਅਨ ਮਜ਼ਦੂਰ” ਚਾਹੀਦੇ ਹੁੰਦੇ।

ਉਹ ਸ਼ਾਮ ਨੂੰ ਘਰੋਂ ਨਿਕਲਦਾ ਅਤੇ ਸਵੇਰ ਨੂੰ ਮੁੜਦਾ। ਘਰ ਮੁੜਦਾ ਤਾਂ ਮੋਢੇ ਉੱਤੇ ਥੈਲਾ ਹੁੰਦਾ, ਜਿਸ ਵਿਚ ਕਦੇ-ਕਦਾਰ ਆਟਾ, ਨਮਕ, ਕੱਪੜਾ, ਆਦਿ ਵਰਗਾ ਸੌਦਾ ਪੱਤਾ ਹੁੰਦਾ। ਪਰ ਇੱਕ ਚੀਜ਼ ਸੀ ਜੋ ਉਹ ਹਮੇਸ਼ਾ ਹੀ ਲੈ ਕੇ ਆਉਂਦਾ ਸੀ — ਓਜਿਸਤਾ ਲਈ ਚੀਜੀ। ਸ਼ਹਿਰ ਵਿੱਚ ਇੱਕ ਬੁੱਢੀ ਗੋਰੀ ਔਰਤ ਸੀ ਜੋ ਆਪਣੀ ਬੇਕਰੀ ‘ਚ ਵੱਖ-ਵੱਖ ਮਿੱਠੀਆਂ ਖਾਣ ਵਾਲੀਆਂ ਚੀਜ਼ਾਂ ਬਣਾਉਂਦੀ ਸੀ। ਉਹਦੇ ਪਿਓ ਨੇ ਇੱਕ ਵਾਰ ਉਹਨੂੰ ਡਿੱਗੀ ਹੋਈ ਨੂੰ ਚੁੱਕ ਕੇ ਡਾਕਟਰ ਕੋਲ ਲੈ ਗਿਆ ਸੀ, ਅਤੇ ਉਸ ਦਿਨ ਤੋਂ ਉਹ ਜਦੋਂ ਵੀ ਉਹਨੂੰ ਦੇਖਦੀ, ਕੁਝ ਨਾ ਕੁਝ ਉਹਦੇ ਹੱਥ ਥਮ੍ਹਾ ਦਿੰਦੀ।

“ਪਾਪਾ, ਮੇਰੇ ਲਈ ਕੀ ਲੈ ਕੇ ਆਏ ਜੇ ਅੱਜ?” ਨੱਸ ਕੇ ਉਹਨੇ ਬਾਪ ਦੀ ਲੱਤ ਨੂੰ ਜਾ ਜੱਫੀ ਪਾਈ।

ਉਹਦਾ ਸਿਰ ਪਲੋਸਦਿਆਂ ਬਾਪ ਆਖਣ ਲੱਗਾ, “ਤੂੰ ਆਪੇ ਦੇਖ ਲਾ!” ਏਨਾ ਆਖ ਕੇ ਉਹਨੇ ਥੈਲਾ ਓਜਿਸਟਾ ਨੂੰ ਫੜਾ ਦਿੱਤਾ। ਓਜਿਸਟਾ ਕੋਲੋਂ ਰਿਹਾ ਨਾ ਗਿਆ; ਉਹਨੇ ਝੋਲ਼ੇ ਅੰਦਰ ਝਾਤ ਮਾਰੀ, ਇਕ ਗੱਤੇ ਦਾ ਡੱਬਾ ਪਿਆ ਸੀ, ਜਿਸ ਵਿੱਚੋਂ ਰੁਬਾਰਬ5 ਦੀ ਮਹਿਕ ਆ ਰਹੀ ਸੀ।

“ਹਾਏ, ਰੁਬਾਰਬ ਦੀ ਪਾਈ?!” ਓਜਿਸਟਾ ਪੂਰਾ ਬਾਗੋ-ਬਾਗ ਹੋ ਗਿਆ ਸੀ। “ਪਹਿਲਾਂ ਕਾਰਨਬਰੈੱਡ, ਤੇ ਹੁਣ ਪਾਈ? ਮੈਨੂੰ ਹੋਰ ਕੀ ਚਾਹੀਦਾ ਆ!”

“ਇਸਟਾ। ਓਜੀ ਕੋਲੋਂ ਝੋਲਾ ਲੈ ਲਿਓ; ਆਪ ਵੀ ਤੁਸੀਂ ਚੱਖ ਲਿਓ ਤੇ ਇਹਨੂੰ ਵੀ ਦੇ ਦਿਓ।”

ਏਨਾ ਆਖ ਕੇ ਉਹ ਆਪਣੇ ਕਮਰੇ ਵੱਲ ਨੀਂਦ ਪੂਰੀ ਕਰਨ ਨੂੰ ਜਾਣ ਲੱਗਾ।

“ਖਾ ਕੇ ਸੌਂ ਜਾਵੀਂ, ਪੁੱਤ।” ਆਕਸੋ ਨੇ ਤਰਸ ਭਰੇ ਬੋਲਾਂ ਵਿੱਚ ਆਖਿਆ। ਪਰ ਉਹਨੇ ਸਿਰ ਹਿਲਾਇਆ ਅਤੇ ਆਪਣੇ ਕਮਰੇ ਵੱਲ ਨੂੰ ਚਲਾ ਗਿਆ। ਆਕਸੋ ਨੇ ਕੱਟ ਕੇ ਓਜਿਸਟਾ ਨੂੰ ਪਾਈ ਦਾ ਇੱਕ ਟੁਕੜਾ ਦੇ ਦਿੱਤਾ, ਜੋ ਉਹਨੇ ਝਟਪਟ ਹੀ ਜੀਭ ਉੱਤੇ ਰੱਖ ਲਿਆ — ਖੱਟਾ-ਮਿੱਠਾ, ਥੋੜ੍ਹਾ ਤੁਰਸ਼। ਉਹਨੂੰ ਨਹੀਂ ਸੀ ਪਤਾ ਕਿ ਰੁਬਾਰਬ ਦਾ ਬੂਟਾ ਕਿੱਦਾਂ ਦਾ ਹੁੰਦਾ ਆ। ਉਹਨੇ ਕਦੇ ਵੇਖਿਆ ਨਹੀਂ ਸੀ। ਪਰ ਉਹਨੂੰ ਉਹਦੇ ਨਾਲ ਮਤਲਬ ਵੀ ਨਹੀਂ ਸੀ, ਬੱਸ ਪਾਈ ਆਉਂਦੀ ਅਤੇ ਪਾਈ ਮੁੱਕ ਜਾਂਦੀ।

ਤਬੇਲੇ ਦੇ ਜਾਨਵਰਾਂ ਦੀ ਦੇਖ-ਭਾਲ ਕਰਦਿਆਂ ਅਤੇ ਕ੍ਰੀਕ ਦੇ ਕਿਨਾਰੇ ਉਹਨਾਂ ਨਾਲ਼ ਖੇਡਦਿਆਂ ਦਿਨ ਕਦੋਂ ਲੰਘ ਗਿਆ, ਓਜਿਸਟਾ ਨੂੰ ਪਤਾ ਹੀ ਨਾ ਲੱਗਿਆ। ਮੁੜ ਘਰ ਨੂੰ ਆਉਂਦਿਆਂ ਉਹਦੀ ਨਿਗਾਹ ਟਾਈਮਪੀਸ ‘ਤੇ ਪਈ, ਜਿੱਥੇ ਹੁਣ ਸੂਈਆਂ ਐਨ IV ਤੇ V ਦੇ ਵਿਚਕਾਰ ਹੋ ਗਈਆਂ ਸਨ। ਭਾਵੇਂ ਓਜਿਸਟਾ ਨੂੰ ਟਾਈਮ ਵੇਖਣਾ ਨਹੀਂ ਸੀ ਆਉਂਦਾ, ਪਰ ਬਾਹਰ ਢਲਦੇ ਦਿਨ ਨੂੰ ਵੇਖ ਕੇ ਉਹਨੂੰ ਲੱਗਣ ਲੱਗਾ ਕਿ ਸ਼ਾਮ ਪੈਣ ਨੂੰ ਆਈ ਹੋਈ ਏ।

“ਪੁੱਤ, ਆ ਜਾ ਚੱਲੀਏ।” ਏਨੇ ਨੂੰ ਆਕਸੋ ਦੀ ਆਵਾਜ਼ ਪੈ ਗਈ। ਉਹਦੇ ਹੱਥ ਵਿੱਚ ਇੱਕ ਨਿੱਕਾ ਜਿਹਾ ਦਾਬੜਾ ਸੀ, ਜਿਹਦੇ ਅੰਦਰ ਥੋੜ੍ਹੇ ਸੁੱਕੇ ਫੁੱਲ ਅਤੇ ਕੁਝ ਫਰੂਟ ਪਏ ਹੋਏ ਸਨ। “ਥੋੜ੍ਹਾ ਸਮਾਂ ਹੀ ਲੱਗੇਗਾ।”

ਉਹ ਜਾਣਦਾ ਸੀ ਉਹ ਕਿੱਥੇ ਜਾ ਰਹੇ ਸਨ। ਆਕਸੋ ਜਦੋਂ ਦਾਬੜਾ ਚੁੱਕਦੀ, ਉਹ ਹਮੇਸ਼ਾ ਉਸੇ ਪਾਸੇ ਜਾਂਦੀ।

ਘਰ ਦੇ ਲਹਿੰਦੇ ਵੱਲ, ਕੋਈ ਸੱਠ ਕੁ ਕਰਮਾਂ ਦੀ ਦੂਰੀ ‘ਤੇ, ਉਹ ਪੁਰਾਣਾ ਘਰ “ਖੜ੍ਹਾ” ਸੀ। ਜਾਂ ਜੋ ਕਦੇ ਘਰ ਸੀ, ਉਹਦੀਆਂ ਰਹਿੰਦੀਆਂ-ਖੂੰਦੀਆਂ ਹੱਡੀਆਂ। ਏਲਮ6 ਦੀ ਛਿੱਲ ਨਾਲ਼ ਢਕਿਆ ਹੋਇਆ, ਪੂਰੀ ਤਰ੍ਹਾਂ ਲੱਕੜ ਦਾ ਬਣਿਆ, ਪੰਦਰਾਂ ਮਰਲਿਆਂ ਵਿੱਚ ਫੈਲਿਆ ਲੰਮਾ-ਘਰ। ਦੇਖਣ ਨੂੰ ਐਸਾ ਜਿਵੇਂ ਕਿਸੇ ਲੋਕ-ਕਥਾ ਚੋਂ ਨਿਕਲਿਆ ਹੋਵੇ। ਪਿਛਲੀਆਂ ਸਰਦੀਆਂ ਵਿੱਚ ਉਹਦੀ ਛੱਤ ਦਾ ਪੂਰਬੀ ਪਾਸਾ ਬਰਫ਼ ਦੇ ਭਾਰ ਥੱਲੇ ਡਿੱਗ ਪਿਆ ਸੀ। ਹੁਣ ਜਿੱਥੇ ਛੱਤ ਡਿੱਗੀ ਸੀ, ਉੱਥੋਂ ਜੰਗਲੀ ਘਾਹ ਦੀ ਵੇਲ ਆਪਣਾ ਮੂੰਹ ਅੰਦਰ ਪਾ ਰਹੀ ਸੀ। ਏਲਮ ਦੀ ਛਿੱਲ ਥਾਂ-ਥਾਂ ਤੋਂ ਉੱਖੜੀ ਪਈ ਸੀ, ਪਰ ਪੁਰਾਣੇ ਸ਼ਤੀਰ ਅਜੇ ਖੜ੍ਹੇ ਸਨ।

ਆਕਸੋ ਜੁੱਤੀ ਬਾਹਰ ਲਾਹ ਕੇ ਅੰਦਰ ਨੂੰ ਗਈ; ਪਿੱਛੇ-ਪਿੱਛੇ ਓਜਿਸਟਾ ਵੀ ਅੰਦਰ ਆ ਗਿਆ। ਮਿੱਟੀ ਦੇ ਫ਼ਰਸ਼ ਦੀ ਠੰਢਕ ਨੇ ਓਜਿਸਟਾ ਨੂੰ ਅੰਦਰ ਤੱਕ ਕੰਬਣੀ ਛੇੜੀ। ਪਿਛਲੇ ਪਾਸੇ ਘੁੱਪ ਹਨੇਰਾ ਸੀ; ਵਿਚਕਾਰੋਂ ਛੱਤ ਦੇ ਟੁੱਟੇ ਹੋਏ ਹਿੱਸੇ ‘ਚੋਂ ਸੂਰਜ ਦੀ ਜਾਂਦੀ ਹੋਈ ਲਿਸ਼ਕੋਰ ਪੈਣ ਨਾਲ਼ ਕੁਝ ਦਿੱਸ ਰਿਹਾ ਸੀ। ਅੰਦਰ ਚਾਰ ਥਾਵਾਂ ਉੱਤੇ ਅੱਗ ਦੀਆਂ ਪੁਰਾਣੀਆਂ ਨਿਸ਼ਾਨੀਆਂ ਸਨ। ਚਾਰ ਚੁੱਲ੍ਹੇ। ਚਾਰ ਪਰਿਵਾਰ।

ਆਕਸੋ ਇੱਕ ਖ਼ਾਸ ਚੁੱਲ੍ਹੇ ਕੋਲ਼ ਜਾ ਕੇ ਬੈਠ ਗਈ — ਉਹ ਜੋ ਉਹਨਾਂ ਦੇ ਘਰ ਵੱਲ ਨੂੰ ਮੂੰਹ ਕਰਦੀ ਨੁੱਕਰ ਵਿੱਚ ਸੀ। ਦਾਬੜਾ ਉਹਨੇ ਲਾਗੇ ਪਏ ਪੱਥਰਾਂ ਉੱਤੇ ਰੱਖ ਦਿੱਤਾ।

“ਏਥੇ ਮੇਰੀ ਮਾਂ ਨੇ ਰੋਟੀ ਪਕਾਈ ਸੀ। ਅਤੇ ਉਹਦੀ ਮਾਂ ਨੇ। ਅਤੇ ਉਹਦੀ ਮਾਂ ਨੇ। ਏਥੇ ਮੈਂ ਜੰਮੀ ਸੀ, ਪੁੱਤ। ਏਸੇ ਚੁੱਲ੍ਹੇ ਦੀ ਅੱਗ ਦੇ ਨੇੜੇ।”

ਓਜਿਸਟਾ ਚੁੱਪ-ਚਾਪ ਖੜ੍ਹਾ ਰਿਹਾ। ਹਰ ਰੋਜ਼ ਉਹ ਉਹਨੂੰ ਇਹ ਗੱਲਾਂ ਦੱਸਦੀ ਸੀ।

“ਮੇਰੀ ਮਾਂ — ਤੇਰੀ ਪੜਨਾਨੀ — ਮੋਹਾਕ ਕਬੀਲੇ ਵਿੱਚ ਇੱਕ ਮੋਹਤਬਰ ਆਗੂ ਸੀ। ਜਦੋਂ ਮੈਂ ਨਿੱਕੀ ਸੀ, ਏਥੇ ਚਾਰ ਪਰਿਵਾਰ ਰਹਿੰਦੇ ਸਨ। ਚਾਰੇ ਚੁੱਲ੍ਹਿਆਂ ਤੋਂ ਧੂੰਆਂ ਉੱਠਦਾ। ਅੱਠ ਬੱਚੇ ਖੇਡਦੇ ਫਿਰਦੇ। ਔਰਤਾਂ ਮੱਕੀ ਦੀਆਂ ਛੱਲੀਆਂ ਛਿੱਲਦੀਆਂ ਅਤੇ ਗਾਉਂਦੀਆਂ। ਮਰਦ ਜੰਗਲ ‘ਚੋਂ ਮੁੜਦੇ ਅਤੇ ਸ਼ਿਕਾਰ ਉਹਨਾਂ ਸ਼ਤੀਰਾਂ ਨਾਲ਼ ਟੰਗ ਦਿੰਦੇ —” ਉਹਨੇ ਉੱਪਰ ਉਂਗਲ ਕਰ ਕੇ ਛੱਤ ਦੇ ਡਿੱਗੇ ਹੋਏ ਪਾਸੇ ਵੱਲ ਇਸ਼ਾਰਾ ਕੀਤਾ। “ਅਤੇ ਰਾਤਾਂ ਨੂੰ ਪੂਰੇ ਘਰ ਵਿੱਚ ਆਕਸੋਥਾਂ ਦੀਆਂ ਕਹਾਣੀਆਂ ਗੂੰਜਦੀਆਂ — ਉਹ ਕਹਾਣੀਆਂ ਜਿਹੜੀਆਂ ਉਹਨਾਂ ਨੇ ਆਪਣੀਆਂ ਆਕਸੋਥਾਂ ਤੋਂ ਸੁਣੀਆਂ ਸਨ।”

ਉਹ ਚੁੱਪ ਹੋ ਗਈ।

“ਫੇਰ ਕੀ ਹੋਇਆ, ਆਕਸੋ?” ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਓਜਿਸਟਾ ਨੇ ਇਹ ਸਵਾਲ ਪੁੱਛਿਆ।

ਉਹਨੇ ਸਿਰ ਹਿਲਾਇਆ, ਪਰ ਸਿੱਧਾ ਜਵਾਬ ਨਹੀਂ ਦਿੱਤਾ। “ਫੇਰ ਗੋਰੇ ਆਏ। ਫੇਰ ਜ਼ਮੀਨ ‘ਤੇ ਨਿਸ਼ਾਨ ਲੱਗ ਗਏ — ਏਥੋਂ ਤੱਕ ਤੁਹਾਡੀ, ਏਥੋਂ ਸਾਡੀ। ਏਦਾਂ ਕਰਦਿਆਂ-ਕਰਦਿਆਂ ਸਾਨੂੰ ਜਮਾਂ ਇੱਕ ਖੂੰਜੇ ਹੀ ਲਾ ਦਿੱਤਾ। ਫੇਰ ਆਖਣ ਲੱਗੇ ਕਿ ਇੱਕ ਘਰ ਵਿੱਚ ਚਾਰ ਪਰਿਵਾਰ ਨਹੀਂ ਰਹਿ ਸਕਦੇ — ‘ਸਿਵੀਲਾਈਜ਼ਡ’ ਨਹੀਂ ਹੈ। ਹਰ ਪਰਿਵਾਰ ਨੂੰ ਆਪਣਾ ਅਲੱਗ ਘਰ ਚਾਹੀਦਾ ਏ। ਤੇ ਹਰ ਜੀਅ ਨੂੰ ਆਪਣਾ ਕਮਰਾ। ਉਹਨਾਂ ਵਾਂਗੂੰ।”

ਆਕਸੋ ਦੀਆਂ ਉਂਗਲ਼ਾਂ ਚੁੱਲ੍ਹੇ ਦੇ ਠੰਢੇ ਪੱਥਰਾਂ ਉੱਤੇ ਏਨੀ ਦੇਰ ਟਿਕੀਆਂ ਰਹੀਆਂ ਜਿਵੇਂ ਕੁਝ ਯਾਦ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਹੋਣ। “ਇੱਕ-ਇੱਕ ਕਰ ਕੇ ਪਰਿਵਾਰ ਏਥੋਂ ਬਾਹਰ ਚਲੇ ਗਏ। ਮੇਰੇ ਮਾਂ-ਪਿਓ ਆਖ਼ਰੀ ਸਨ। ਉਹ ਨਹੀਂ ਸੀ ਚਾਹੁੰਦੇ। ਪਰ ਆਖ਼ਰ ਉਹਨਾਂ ਨੂੰ ਵੀ ਔਖੇ ਹੋਏ ਇਹ ਮੰਨਣਾ ਪਿਆ। ਇਹ ਘਰ ਜਿਹਦੇ ‘ਚ ਅਸੀਂ ਹੁਣ ਰਹਿੰਦੇ ਆਂ, ਉਹ ਮੇਰੇ ਬਾਪ ਨੇ ਆਪ ਬਣਾਇਆ ਸੀ। ਪਰ ਮਰਨ ਤੋਂ ਪਹਿਲਾਂ ਉਹਨੇ ਆਖਿਆ ਸੀ: ‘ਪੁਰਾਣੇ ਘਰ ਨੂੰ ਨਾ ਢਾਹਣਾ। ਜਦ ਤੱਕ ਉਹਦੀ ਸਾਂਭ ਹੁੰਦੀ ਹੈ, ਸਾਂਭ ਲਿਓ।’”

ਓਜਿਸਟਾ ਨੇ ਉੱਪਰ ਛੱਤ ਦੇ ਟੁੱਟੇ ਹੋਏ ਹਿੱਸੇ ਵੱਲ ਵੇਖਿਆ। ਇੱਕ ਪੰਛੀ ਉੱਥੇ ਆਣ ਬੈਠਾ ਸੀ।

ਉਹਨਾਂ ਨੇ ਕੁਝ ਚਿਰ ਉੱਥੇ ਚੁੱਪ-ਚਾਪ ਬੈਠ ਕੇ ਹਵਾ ਦੀ ਆਵਾਜ਼ ਸੁਣੀ ਜੋ ਡਿੱਗੀ ਹੋਈ ਛੱਤ ਦੇ ਪਾਸਿਓਂ ਅੰਦਰ ਆਉਂਦੀ ਅਤੇ ਪੁਰਾਣੇ ਸ਼ਤੀਰਾਂ ਨਾਲ਼ ਟਕਰਾ ਕੇ ਕੁਝ ਆਖਦੀ ਸੀ — ਉਹ ਕੁਝ ਜੋ ਨਾ ਆਕਸੋ ਨੂੰ ਪੂਰਾ ਆਉਂਦਾ ਸੀ, ਨਾ ਓਜਿਸਟਾ ਨੂੰ। ਚੁੱਲ੍ਹੇ ਕੋਲ਼ ਫੁੱਲ ਰੱਖ ਕੇ ਦੋਵੇਂ ਨਾਨੀ-ਦੋਹਤਾ ਮੁੜ ਘਰ ਨੂੰ ਪਰਤ ਆਏ।

ਸ਼ਾਮ ਢਲ਼ੀ ਤਾਂ ਓਜਿਸਟਾ ਦਾ ਬਾਪ ਆਪਣੇ ਕਮਰੇ ‘ਚੋਂ ਨਿਕਲਿਆ। ਉਹਦੇ ਚਿਹਰੇ ਉੱਤੇ ਅਜੇ ਵੀ ਨੀਂਦ ਦੀਆਂ ਲਕੀਰਾਂ ਸਨ, ਪਰ ਅੱਖਾਂ ਹੁਣ ਕੁਝ ਜਿਉਂਦੀਆਂ ਲੱਗ ਰਹੀਆਂ ਸਨ। ਉਹਨੇ ਚਿਹਰਾ ਠੰਢੇ ਪਾਣੀ ਨਾਲ਼ ਧੋਤਾ ਅਤੇ ਮੇਜ਼ ਕੋਲ਼ ਆ ਬੈਠਾ।

ਆਕਸੋ ਨੇ ਬਚੀ ਹੋਈ ਪਾਈ ਦੇ ਟੁਕੜੇ ਤਿੰਨਾਂ ਪਲੇਟਾਂ ਵਿੱਚ ਪਾਏ। ਨਾਲ਼ ਉਹਨੇ ਮੱਕੀ ਦੀ ਪਤਲੀ ਖੀਰ ਅਤੇ ਥੋੜ੍ਹਾ ਜਿਹਾ ਸੁੱਕਿਆ ਮੀਟ ਰੱਖਿਆ। ਚੁੱਪ-ਚਾਪ ਰੋਟੀ ਖਾਣ ਲੱਗੇ।

ਉਹਦੇ ਬਾਪ ਨੇ ਆਖ਼ਰ ਆਖਿਆ, “ਇਸਟਾ। ਅੱਜ ਮਿੱਲ ਵਾਲੇ ਨੇ ਆਖਿਆ ਕਿ ਅਗਲੇ ਹਫ਼ਤੇ ਤੋਂ ਪੈਸੇ ਘੱਟ ਕਰ ਰਹੇ ਨੇ।”

ਆਕਸੋ ਨੇ ਉਹਦੇ ਵੱਲ ਵੇਖਿਆ ਪਰ ਕੁਝ ਨਾ ਆਖਿਆ।

“ਮੈਂ ਪੁੱਛਿਆ — ਕਿਉਂ? ਉਹ ਆਖਣ ਲੱਗਾ ਕਿ ਏਥੋਂ ਦੇ ਕਈ ਮੁੰਡੇ ਇਸੇ ਪੈਸੇ ਵਿੱਚ ਕੰਮ ਕਰਨ ਨੂੰ ਤਿਆਰ ਨੇ। ‘ਜੇ ਤੈਨੂੰ ਨਹੀਂ ਚਾਹੀਦਾ ਤਾਂ ਛੱਡ ਦੇ।’”

ਆਕਸੋ ਚੁੱਪ ਰਹੀ। ਫੇਰ ਆਖਿਆ, “ਤੂੰ ਕੀ ਸੋਚਿਆ?”

“ਨਹੀਂ। ਛੱਡਣਾ ਨਹੀਂ।”

ਖਾਣਾ ਖਾ ਕੇ ਉਹਨੇ ਆਪਣਾ ਥੈਲਾ ਮੋਢੇ ਚੁੱਕਿਆ। ਪਾਣੀ ਦੀ ਇੱਕ ਚਮੜੇ ਦੀ ਛੋਟੀ ਮਸ਼ਕ ਅਤੇ ਆਕਸੋ ਦੀ ਪਕਾਈ ਮੱਕੀ ਦੀ ਰੋਟੀ ਇੱਕ ਪੋਣੇ ਵਿੱਚ ਬੰਨ੍ਹ ਕੇ ਆਪਣੇ ਥੈਲੇ ਵਿੱਚ ਪਾ ਲਈ। ਉਹਨੇ ਓਜਿਸਟਾ ਦੇ ਮੋਢੇ ਉੱਤੇ ਆਪਣਾ ਵੱਡਾ, ਭਾਰਾ ਹੱਥ ਇੱਕ ਪਲ ਲਈ ਰੱਖਿਆ।

“ਮੁੰਡਿਆ। ਆਕਸੋ ਦੀ ਗੱਲ ਮੰਨੀਂ।”

“ਜੀ ਪਾਪਾ।”

ਉਹ ਚਲਾ ਗਿਆ। ਦਰਵਾਜ਼ਾ ਖੁੱਲ੍ਹਣ ਅਤੇ ਬੰਦ ਹੋਣ ਦੀ ਆਵਾਜ਼ ਘਰ ਅੰਦਰ ਫੈਲੀ। ਫੇਰ ਚੁੱਪ।

ਰਾਤ ਨੂੰ ਆਕਸੋ ਨੇ ਉਹਦੇ ਮੰਜੇ ਉੱਤੇ ਵਿਛਾਈ ਕੀਤੀ ਅਤੇ ਮੰਜੇ ਵੱਲ ਨੂੰ ਇਸ਼ਾਰਾ ਕਰਦਿਆਂ ਕਿਹਾ, “ਚੱਲ ਸੌਂ ਜਾ ਹੁਣ ਪੁੱਤ।”

ਉਹ ਆ ਕੇ ਮੰਜੇ ਉੱਤੇ ਲੇਟ ਗਿਆ ਅਤੇ ਮੂੰਹ ਉੱਤੇ ਕੰਬਲ ਕਰ ਕੇ ਅੱਖਾਂ ਮੀਟ ਲਈਆਂ। ਪਰ ਨੀਂਦ ਆਉਂਦੀ-ਜਾਂਦੀ ਰਹੀ।

ਕਦੇ ਉਹ ਜੰਗਲ ਵਿੱਚ ਦੌੜਦਾ ਅਤੇ ਪਿੱਛੇ ਕੋਈ ਅਜਨਬੀ ਆਵਾਜ਼ ਆਖਦੀ — “ਬੌਬ! ਬੌਬ!” ਕਦੇ ਘਰ ਦੀ ਛੱਤ ਉੱਤੇ ਕਿਸੇ ਸ਼ਤੀਰ ਨਾਲ਼ ਕੁਝ ਲਟਕਿਆ ਨਜ਼ਰ ਆਉਂਦਾ — ਉਹ ਕੀ ਸੀ, ਉਹ ਪਛਾਣ ਨਾ ਪਾਉਂਦਾ। ਕਦੇ ਫ਼ਰਸ਼ ‘ਤੇ ਕਿਤੇ ਖ਼ਾਲੀ ਬੋਤਲਾਂ ਆਪਸ ਵਿੱਚ ਖੜਕਦੀਆਂ ਅਤੇ ਕਦੇ ਪਾਣੀ ਦੇ ਟੱਬ ਵਿੱਚੋਂ ਪੈਂਦੀ ਕਿਸੇ ਮੁਰਝਾਏ ਹੋਏ ਚਿਹਰੇ ਦੀ ਝਲਕ।

ਅਖ਼ੀਰ ਉਹ ਉੱਠ ਬੈਠਾ। ਮੁੜ੍ਹਕਾ ਉਹਦੇ ਮੱਥੇ ‘ਤੇ ਆ ਚੁੱਕਾ ਸੀ।

ਆਕਸੋ ਉਹਦੇ ਨੇੜੇ ਆਈ ਅਤੇ ਉਹਦੇ ਨਾਲ਼ ਮੰਜੇ ‘ਤੇ ਬੈਠ ਗਈ। “ਕੀ ਹੋਇਆ, ਪੁੱਤ?”

“ਆਕਸੋ, ਨੀਂਦ ਨਹੀਂ ਆਉਂਦੀ। ਕੁਝ ਅਜੀਬ ਜਿਹੇ ਸੁਪਨੇ ਆਉਂਦੇ ਨੇ।”

ਆਕਸੋ ਨੇ ਉਹਦਾ ਸਿਰ ਆਪਣੀ ਗੋਦ ਵਿੱਚ ਰੱਖਿਆ। ਉਹਦੀਆਂ ਉਂਗਲ਼ਾਂ ਉਹਦੇ ਵਾਲ਼ਾਂ ਵਿੱਚੋਂ ਲੰਘਣ ਲੱਗੀਆਂ — ਨਰਮ, ਹੌਲ਼ੀ। ਫੇਰ ਉਹਨੇ ਉਹ ਗੀਤ ਗੁਣਗੁਣਾਉਣਾ ਸ਼ੁਰੂ ਕਰ ਦਿੱਤਾ।

ਉਹ ਗੀਤ।

ਆਕਸੋ ਦਾ ਨਹੀਂ ਸੀ। ਓਜਿਸਟਾ ਦੀ ਮਾਂ ਦਾ ਸੀ।

ਅਤੇ ਉਸ ਗੀਤ ਨਾਲ਼ ਉਹ ਇੱਕ ਦਿਨ ਯਾਦ ਆ ਗਿਆ — ਚਿਰਾਂ ਪਹਿਲਾਂ ਦਾ। ਉਹ ਛੇ ਕੁ ਸਾਲ ਦਾ ਸੀ। ਆਕਸੋ ਨੇ ਆਪਣੇ ਪੁਰਾਣੇ ਲੱਕੜ ਦੇ ਸੰਦੂਕ ‘ਚੋਂ ਇੱਕ ਨਿੱਕਾ ਜਿਹਾ ਡੱਬਾ ਕੱਢਿਆ ਸੀ। ਅੰਦਰ ਕਾਗ਼ਜ਼ ਵਿੱਚ ਲਪੇਟੀ ਇੱਕ ਤਸਵੀਰ — ਪੁਰਾਣੀ, ਥੋੜ੍ਹੀ ਪੀਲੀ ਪੈ ਚੁੱਕੀ। ਆਕਸੋ ਨੇ ਉਹਨੂੰ ਆਪਣੀਆਂ ਉਂਗਲ਼ਾਂ ਨਾਲ਼ ਖੋਲ੍ਹਿਆ ਅਤੇ ਉਹਦੇ ਸਾਹਮਣੇ ਰੱਖ ਦਿੱਤਾ।

“ਇਹ ਤੇਰੀ ਮਾਂ ਏ, ਪੁੱਤ।”

ਤਸਵੀਰ ਵਿੱਚ ਇੱਕ ਸੋਹਣੀ ਮੁਟਿਆਰ ਖੜ੍ਹੀ ਸੀ। ਲੰਮੇ ਕਾਲ਼ੇ ਵਾਲ ਦੋ ਗੁੱਤਾਂ ਵਿੱਚ ਗੁੰਦੇ ਹੋਏ। ਕੰਨਾਂ ਵਿੱਚ ਕੌਡੀਆਂ ਦੇ ਬਣੇ ਮੁੰਦਰੇ। ਗਰਦਨ ਵਿੱਚ ਮੋਹਾਕ ਦਾ ਉਹ ਪੁਰਾਣਾ ਹਾਰ ਜਿਹਦੇ ਉੱਤੇ ਜਾਮਣੀ ਅਤੇ ਚਿੱਟੀਆਂ ਕੌਡੀਆਂ ਨਾਲ਼ ਨਮੂਨੇ ਕੱਢੇ ਹੋਏ ਸਨ। ਅਤੇ ਉਹਦਾ ਚਿਹਰਾ — ਜਿਵੇਂ ਆਕਸੋ ਦੇ ਚਿਹਰੇ ‘ਚੋਂ ਪੰਜਾਹ ਸਾਲ ਘਟਾ ਦਿੱਤੇ ਹੋਣ। ਅੱਖਾਂ ਵਿੱਚ ਉਹੋ ਚਮਕ ਜੋ ਓਜਿਸਟਾ ਨੇ ਆਕਸੋ ਦੀਆਂ ਅੱਖਾਂ ਵਿੱਚ ਵੇਖੀ ਸੀ। ਪਰ ਜਵਾਨ। ਜਿਉਂਦੀ।

ਆਕਸੋ ਨੇ ਉਹਦੇ ਸਿਰ ਉੱਤੇ ਹੱਥ ਫੇਰਿਆ ਅਤੇ ਓਜਿਸਟਾ ਜਿਹੜੀ ਯਾਦਾਂ ਦੀ ਦੁਨੀਆਂ ਵਿਚ ਸੀ ਉੱਥੋਂ ਹੁਣ ਮੁੜ ਵਾਪਿਸ ਵਿੱਚ ਆ ਗਿਆ।

“ਲੱਗਦਾ ਤੂੰ ਅੱਜ ਕਹਾਣੀ ਸੁਣੇ ਬਿਨਾਂ ਸੌਣਾ ਨਹੀਂ ਆ। ਦੱਸ ਫਿਰ ਕਿਹੜੀ ਕਹਾਣੀ ਸੁਣੇਂਗਾ, ਪੁੱਤ?” ਬਾਲ ਦਾ ਮਨ ਪਰਚਾਉਣ ਨੂੰ ਆਕਸੋ ਨੇ ਇਹ ਪੇਸ਼ਕਾਰੀ ਕੀਤੀ।

“ਮੈਨੂੰ ਮੇਰੀ ਕਹਾਣੀ ਸੁਣਾਓ ਨਾ।” ਭੋਲ਼ੇ ਬੋਲਾਂ ਵਿੱਚ ਓਜਿਸਟਾ ਨੇ ਆਖਿਆ।

“ਚੱਲ ਫੇਰ ਮੈਂ ਤੈਨੂੰ ਉਹੀ ਕਹਾਣੀ ਸੁਣਾਉਂਦੀ ਆਂ! ਜਦੋਂ ਤੂੰ ਜੰਮਿਆ ਸੀ, ਪੁੱਤ, ਉਸ ਤੋਂ ਪਹਿਲਾਂ ਤਿੰਨ ਹਫ਼ਤੇ ਲਗਾਤਾਰ ਮੀਂਹ ਵਰ੍ਹਦਾ ਰਿਹਾ ਸੀ। ਏਨਾ ਮੀਂਹ ਕਿ ਸਾਨੂੰ ਤਾਂ ਡਰ ਸੀ ਕਿ ਕਿਤੇ ਹੜ੍ਹ ਹੀ ਨਾ ਆ ਜਾਵੇ। ਉਦੋਂ ਕੁ ਹੀ ਪੁਰਾਣੇ ਘਰ ਦੀ ਛੱਤ ਵੀ ਡਿੱਗੀ ਸੀ।” ਆਕਸੋ ਕੁਝ ਪਲਾਂ ਲਈ ਚੁੱਪ ਗਈ। “ਪਰ ਤੇਰੇ ਜਨਮ ਵਾਲੀ ਰਾਤ ਨੂੰ ਅਸਮਾਨ ਬਿਲਕੁਲ ਸਾਫ਼ ਹੋ ਗਿਆ, ਅਤੇ ਉਹ ਰਾਤ ਵੀ ਬਹੁਤ ਹੀ ਜ਼ਿਆਦਾ ਚਾਨਣੀ ਸੀ। ਅਸਮਾਨ ਏਨਾ ਸਾਫ਼ ਸੀ ਕਿ ਤਾਰੇ ਛੱਤ ਨਾਲ਼ ਛੋਹਣ ਨੂੰ ਜਾਪਦੇ ਸਨ, ਐਵੇਂ ਦਾ ਅਸਮਾਨ ਮੈਂ ਕਦੀ ਵੀ ਨਹੀਂ ਸੀ ਵੇਖਿਆ। ਤੇਰੀ ਮਾਂ ਅਜੇ ਥੱਕੀ ਹੋਈ ਸੀ — ਪਰ ਉਹਨੇ ਤੈਨੂੰ ਆਪਣੀ ਛਾਤੀ ਨਾਲ਼ ਲਾਇਆ ਅਤੇ ਬਾਰੀ ‘ਚੋਂ ਅਸਮਾਨ ਵੱਲ ਮੂੰਹ ਕਰ ਲਿਆ। ਉਹਨੇ ਆਖਿਆ — ‘ਇਸਟਾ, ਵੇਖੋ। ਤਾਰੇ ਕਿਵੇਂ ਟਿਮ-ਟਿਮਾ ਰਹੇ ਹਨ, ਇੰਝ ਲੱਗਦਾ ਜਿੱਦਾਂ ਇਹਨੂੰ ਦੇਖਣ ਆਏ ਹੋਣ–’” ਗੱਲ ਨੂੰ ਵਿਚੋਂ ਕੱਟਦਿਆਂ, ਆਕਸੋ ਕਹਿਣ ਲੱਗੀ, “ਹਾਂ, ਮੈਨੂੰ ਹਜੇ ਵੀ ਚੇਤਾ ਤੇਰਾ ਨਿੱਕਾ ਜਿਹਾ ਮੂੰਹ ਏਦਾਂ ਲੱਗਦਾ ਸੀ ਜਿਵੇਂ ਕੋਈ ਤਾਰਾ ਹੀ ਹੋਵੇ, ਮੈਨੂੰ ਚੇਤਾ ਤੇਰੀ ਮਾਂ ਨੇ ਮੈਨੂੰ ਕਿਹਾ ਸੀ ਕਿ ‘ਇਸਟਾ, ਇਹ ਮੁੰਡਾ ਤਾਰਿਆਂ ਦੇ ਵਿਚਕਾਰੋਂ ਉੱਤਰਿਆ ਏ। ਇਹਨੂੰ ਤਾਂ ਤਾਰਿਆਂ ਵਰਗਾ ਨਾਮ ਹੀ ਮਿਲਣਾ ਚਾਹੀਦਾ ਹੈ!’ ਅਤੇ ਉਹਨੇ ਤੇਰਾ ਨਾਂ ਰੱਖਿਆ ਸੀ — ਓਜਿਸਟਾ।”

ਆਕਸੋ ਚੁੱਪ ਹੋਈ। ਉਹਦੀਆਂ ਅੱਖਾਂ ਨਮ ਹੋ ਗਈਆਂ ਸਨ।

“ਆਕਸੋ? ਮਾਂ ਦੀ ਫੋਟੋ, ਜਿਹੜੀ ਤੁਸੀਂ ਮੈਨੂੰ ਓਦੋਂ ਦਿਖਾਈ ਸੀ, ਉਹ ਕੰਧ ‘ਤੇ ਕਿਉਂ ਨਹੀਂ ਲਾਉਂਦੇ?”

ਉਹਨੇ ਜਵਾਬ ਦੇਣ ਵਿੱਚ ਕੁਝ ਪਲ ਲਏ। “ਕੁਝ ਚੀਜ਼ਾਂ ਏਨੀਆਂ ਕੀਮਤੀ ਹੁੰਦੀਆਂ ਨੇ, ਪੁੱਤ, ਕਿ ਉਹਨਾਂ ਨੂੰ ਸਭ ਦੇ ਅੱਗੇ ਨਹੀਂ ਰੱਖਿਆ ਜਾਂਦਾ। ਉਹਨਾਂ ਨੂੰ ਉੱਥੇ ਰੱਖੀਦਾ ਜਿੱਥੇ ਸਿਰਫ਼ ਆਪਣੇ ਹੀ ਪਹੁੰਚਣ। ਅਤੇ ਜਦੋਂ ਯਾਦ ਕਰਨੀ ਹੋਵੇ, ਉੱਥੇ ਜਾ ਕੇ ਯਾਦ ਕਰ ਲਈਏ।”

ਉਹ ਯਾਦ ਆਕਸੋ ਦੇ ਗੁਣਗੁਣਾਉਣ ਦੇ ਨਾਲ਼ ਉੱਠੀ ਅਤੇ ਉਹਦੇ ਨਾਲ਼ ਹੀ ਮੱਧਮ ਪੈਣ ਲੱਗੀ। ਆਕਸੋ ਨੇ ਉਹ ਗੀਤ ਉਸੇ ਤਰ੍ਹਾਂ ਗਾਇਆ ਜਿਵੇਂ ਮਾਂ ਗਾਉਂਦੀ ਸੀ — ਮੋਹਾਕ ਵਿੱਚ, ਹੌਲ਼ੀ-ਹੌਲ਼ੀ, ਜਿਵੇਂ ਹਰ ਅੱਖਰ ਨੂੰ ਆਪਣੇ ਮੂੰਹ ‘ਚੋਂ ਛੱਡਣ ਤੋਂ ਪਹਿਲਾਂ ਪਛਾਣ ਰਹੀ ਹੋਵੇ।

ਸੌਂ ਜਾ, ਮੇਰੇ ਨਿੱਕੇ ਤਾਰੇ।

ਅਸਮਾਨ ਤੇਰੀ ਉਡੀਕ ਕਰੇਗਾ।

ਓਜਿਸਟਾ ਦੀਆਂ ਪਲਕਾਂ ਭਾਰੀਆਂ ਹੋਣ ਲੱਗੀਆਂ। ਚਿਨੂਕ ਉਹਦੇ ਮੰਜੇ ਦੇ ਨੇੜੇ ਆ ਕੇ ਫ਼ਰਸ਼ ‘ਤੇ ਪੈ ਗਿਆ। ਆਕਸੋ ਦੀਆਂ ਉਂਗਲ਼ਾਂ ਉਹਦੇ ਵਾਲ਼ਾਂ ਵਿੱਚੋਂ ਲੰਘਦੀਆਂ ਰਹੀਆਂ।

ਉਹ ਸੌਂ ਗਿਆ।

ਉਹਦੇ ਸਵੇਰੇ ਉੱਠਣ ਤੋਂ ਪਹਿਲਾਂ ਹੀ ਉਹਦਾ ਪਿਓ ਘਰ ਮੁੜ ਆਇਆ ਸੀ। ਰੋਟੀ ਖਾ ਕੇ ਉਹ ਆਪਣੇ ਕਮਰੇ ਵਿੱਚ ਸੌਣ ਚਲਾ ਗਿਆ।

ਓਜਿਸਟਾ ਬਾਹਰ ਮੂੰਹ ਧੋਣ ਨੂੰ ਪਾਣੀ ਭਰ ਰਿਹਾ ਸੀ ਜਦੋਂ ਉਹਨੇ ਘੋੜਿਆਂ ਦੇ ਖੁਰਾਂ ਦੀ ਆਵਾਜ਼ ਸੁਣੀ।

ਉਹਨੇ ਸਿਰ ਚੁੱਕ ਕੇ ਵੇਖਿਆ।

ਘਰ ਨੂੰ ਜਾਂਦੇ ਪਹੇ ਉੱਤੇ ਦੋ ਆਦਮੀ ਘੋੜਿਆਂ ‘ਤੇ ਸਵਾਰ ਹੋ ਕੇ ਆ ਰਹੇ ਸਨ। ਇੱਕ ਗੋਰਾ ਅਤੇ ਇੱਕ ਸ਼ਾਇਦ ਆਪਣਾ। ਘੋੜਿਆਂ ਨੂੰ ਥੋੜ੍ਹਾ ਹਟਵਾਂ ਛਾਂਵੇਂ ਬੰਨ੍ਹ ਕੇ ਉਹ ਬੰਦੇ ਘਰ ਵੱਲ ਨੂੰ ਤੁਰਨ ਲੱਗੇ। ਜੋ ਗੋਰਾ ਸੀ ਉਹਨੇ ਲਾਲ ਕੋਟ, ਕਾਲ਼ੀ ਪੈਂਟ ਅਤੇ ਖਾਕੀ ਟੋਪੀ ਪਾਈ ਹੋਈ ਸੀ, ਅਤੇ ਮੋਢੇ ਉੱਤੇ ਰਾਇਫ਼ਲ ਟੰਗੀ ਹੋਈ ਸੀ। ਦੂਜਾ ਬੰਦਾ, ਜੋ “ਇੰਡੀਅਨ” ਲੱਗ ਰਿਹਾ ਸੀ, ਉਹਦੇ ਹੱਥ ਵਿੱਚ ਕਾਗ਼ਜ਼ਾਂ ਦਾ ਇੱਕ ਪੁਲੰਦਾ ਸੀ, ਅਤੇ ਉਹ ਦੂਸਰੇ ਬੰਦੇ ਨੂੰ ਜੀ-ਜੀ ਕਰ ਕੇ ਗੱਲ ਕਰ ਰਿਹਾ ਸੀ।

ਚਿਨੂਕ, ਜੋ ਅਜੇ ਤੱਕ ਉਹਦੇ ਨਾਲ਼ ਸੀ, ਅਚਾਨਕ ਅੱਗੇ ਹੋਇਆ ਅਤੇ ਉਹਦਾ ਗਲ਼ ਘੁਰਘੁਰਾਇਆ। ਪੂਛ ਪਿੱਠ ਉੱਤੋਂ ਥੱਲੇ ਆ ਚੁੱਕੀ ਸੀ। ਕੰਨ ਅੱਗੇ ਨੂੰ ਕੀਤੇ ਹੋਏ — ਜਿੰਨੇ ਕੁ ਉਹ ਟੁੱਟਾ ਹੋਇਆ ਕੰਨ ਕਰ ਸਕਦਾ ਸੀ।

“ਚਿਨੂਕ। ਚੁੱਪ।”

ਪਰ ਚਿਨੂਕ ਚੁੱਪ ਨਹੀਂ ਹੋਇਆ, ਅਤੇ ਬੰਦਿਆਂ ਵੱਲ ਨੂੰ ਭੌਂਕਣ ਲੱਗਾ।

ਓਜਿਸਟਾ ਦੌੜ ਕੇ ਅੰਦਰ ਵੜ ਗਿਆ।

ਗੰਦੇ-ਲਿਬੜੇ ਬੂਟ ਲੈ ਕੇ ਉਹ ਦਰਵਾਜ਼ੇ ਤੱਕ ਆਏ ਅਤੇ ਗੋਰੇ ਨੇ ਦਰਵਾਜ਼ਾ ਖੜਕਾਇਆ।

ਠੱਕ-ਠੱਕ-ਠੱਕ।

ਕੁਝ ਦੇਰ ਬਾਅਦ ਆਕਸੋ ਨੇ ਦਰਵਾਜ਼ਾ ਖੋਲ੍ਹਿਆ।

ਟੋਪੀ ਵਾਲ਼ੇ ਨੇ ਆਪਣੀ ਟੋਪੀ ਉਤਾਰੀ ਅਤੇ ਬੜੇ ਹੀ ਗੁਸੈਲੇ ਜਿਹੇ ਲਹਿਜੇ ਵਿੱਚ ਅੰਗਰੇਜ਼ੀ ਵਿੱਚ ਕੁਝ ਆਖਿਆ। ਆਕਸੋ ਨੂੰ ਅੰਗਰੇਜ਼ੀ ਪੂਰੀ ਨਹੀਂ ਸੀ ਆਉਂਦੀ, ਪਰ ਕੁਝ ਸ਼ਬਦ ਉਹ ਪਛਾਣਦੀ ਸੀ। ਉਹਦਾ ਚਿਹਰਾ ਚਿੱਟਾ ਪੈ ਗਿਆ।

ਦੂਜੇ ਆਦਮੀ ਨੇ, ਜਿਹਦੇ ਹੱਥ ਵਿੱਚ ਕਾਗ਼ਜ਼ ਸਨ, ਥੋੜ੍ਹੀ ਟੁੱਟੀ-ਫੁੱਟੀ ਪਰ ਸਾਫ਼ ਆਵਾਜ਼ ਵਿੱਚ ਆਕਸੋ ਨੂੰ ਪੁੱਛਿਆ —

“ਮਾਂ ਜੀ। ਓਜਿਸਟਾ ਇੱਥੇ ਰਹਿੰਦਾ ਹੈ?”

Footnotes

  1. ਟੇਕੇਨੀ (Tékeni) — ਮੋਹਾਕ ਭਾਸ਼ਾ ਵਿੱਚ “ਦੋ”।

  2. ਵਾਈਟਮੈਨਜ਼ ਕ੍ਰੀਕ (Whiteman’s Creek) — ਔਂਟਾਰੀਓ ਸੂਬੇ ਵਿੱਚ ਬ੍ਰੈਂਟਫ਼ੋਰਡ ਦੇ ਨੇੜੇ ਵਗਣ ਵਾਲੀ ਇੱਕ ਨਦੀ। ਉਹਦੇ ਨੇੜੇ “ਛੇ ਕੌਮਾਂ ਦਾ ਰਿਜ਼ਰਵ” (Six Nations of the Grand River) ਸਥਿਤ ਹੈ, ਜੋ ਕੈਨੇਡਾ ਦਾ ਸਭ ਤੋਂ ਵੱਡਾ ਮੂਲ-ਨਿਵਾਸੀ ਰਿਜ਼ਰਵ ਹੈ।

  3. ਚਿਨੂਕ (Chinook) — ਉੱਤਰੀ ਅਮਰੀਕਾ ਦੇ ਠੰਢੇ ਇਲਾਕਿਆਂ ਦੀ ਇੱਕ ਪੁਰਾਣੀ ਨਸਲ ਦਾ ਕੁੱਤਾ, ਜੋ ਸਲੈੱਜ ਖਿੱਚਣ ਲਈ ਪਾਲ਼ੇ ਜਾਂਦੇ ਸਨ। ਅੱਜ-ਕੱਲ੍ਹ ਇਹ ਨਸਲ ਖ਼ਤਮ ਹੋਣ ਦੇ ਕੰਢੇ ਉੱਤੇ ਏ।

  4. ਇਸਟਾ (Isthá) — ਮੋਹਾਕ ਭਾਸ਼ਾ ਵਿੱਚ “ਮਾਂ”। ਇਰੋਕੁਆ ਕੌਮਾਂ ਵਿੱਚ ਸੱਸ ਨੂੰ ਵੀ ਪਿਆਰ ਨਾਲ਼ ਇਸ ਨਾਂ ਨਾਲ਼ ਬੁਲਾਉਣ ਦੀ ਰਵਾਇਤ ਮਿਲਦੀ ਹੈ।

  5. ਰੁਬਾਰਬ (Rhubarb) — ਉੱਤਰੀ ਅਮਰੀਕਾ ਅਤੇ ਯੂਰਪ ਵਿੱਚ ਉੱਗਣ ਵਾਲ਼ਾ ਇੱਕ ਪੌਦਾ, ਜਿਹਦੇ ਖੱਟੇ-ਮਿੱਠੇ ਸੁਆਦ ਵਾਲ਼ੇ ਡੰਠਲ਼ ਪਾਈਆਂ ਅਤੇ ਮੁਰੱਬੇ ਬਣਾਉਣ ਲਈ ਵਰਤੇ ਜਾਂਦੇ ਹਨ।

  6. ਏਲਮ (Elm) — ਉੱਤਰੀ ਅਮਰੀਕਾ ਵਿੱਚ ਮਿਲਣ ਵਾਲ਼ਾ ਇੱਕ ਵੱਡਾ ਰੁੱਖ। ਇਰੋਕੁਆ ਕੌਮਾਂ ਆਪਣੇ ਰਵਾਇਤੀ ਲੰਮੇ-ਘਰ ਏਲਮ ਦੀ ਛਿੱਲ ਨਾਲ਼ ਢੱਕਦੀਆਂ ਸਨ। ਇੱਕ ਲੰਮੇ-ਘਰ ਵਿੱਚ ਆਮ ਤੌਰ ‘ਤੇ ਕਈ ਪਰਿਵਾਰ ਇਕੱਠੇ ਰਹਿੰਦੇ ਸਨ।