Chapter 1 of 2
ਘਰ ਜਾਗਦਾ ਹੈ
“ਓਜਿਸਟਾ1। ਪੁੱਤ, ਉੱਠ ਜਾ।”
ਆਵਾਜ਼ ਕਿਤੋਂ ਦੂਰੋਂ ਆਉਂਦੀ ਲੱਗੀ, ਜਿਵੇਂ ਕੋਈ ਪਤਲੀ ਜਿਹੀ ਧੁੰਦ ਵਿੱਚੋਂ ਬੋਲ ਰਿਹਾ ਹੋਵੇ। ਨਰਮ ਅਤੇ ਨਿੱਘੀ। ਉਹ ਆਵਾਜ਼ ਜਿਹੜੀ ਸਿਰਫ਼ ਆਕਸੋ2 ਦੀ ਹੁੰਦੀ ਸੀ, ਜਿਸ ਵਿੱਚ ਨਾ ਕਾਹਲੀ ਸੀ ਤੇ ਨਾ ਹੀ ਗੁੱਸਾ, ਬੱਸ ਉਹ ਪਿਆਰ ਜੋ ਸਵੇਰ ਦੀ ਹਵਾ ਨਾਲ਼ ਘੁਲ਼-ਮਿਲ਼ ਕੇ ਆਉਂਦਾ ਸੀ।
“ਓਜਿਸਟਾ। ਉੱਠ, ਮੇਰੇ ਪੁੱਤ। ਦਿਨ ਚੜ੍ਹ ਆਇਆ।”
ਉਹਨੇ ਅੱਖਾਂ ਮੀਟੀਆਂ ਹੀ ਰੱਖੀਆਂ। ਥੋੜ੍ਹਾ ਚਿਰ ਹੋਰ। ਬੱਸ ਥੋੜ੍ਹਾ ਚਿਰ। ਸਰੀਰ ਉੱਤੇ ਨਿੱਘ ਫੈਲਿਆ ਹੋਇਆ ਸੀ, ਪਰ ਇਹ ਕੰਬਲ ਦਾ ਜਾਂ ਸਟੋਵ ਦੀ ਹੀਟ ਦਾ ਨਿੱਘ ਨਹੀਂ ਸੀ। ਇਹ ਉਹ ਨਿੱਘ ਸੀ ਜੋ ਖੁੱਲ੍ਹੇ ਅਸਮਾਨ ਹੇਠ, ਸੂਰਜ ਦੀ ਨਿੱਗਰ ਧੁੱਪ ਥੱਲੇ ਪੈਣ ਨਾਲ ਮਿਲਦਾ ਹੈ। ਘਾਹ ਦੀ ਹਰਿਆਲੀ ਭਰੀ ਮਹਿਕ ਅਤੇ ਲੱਕੜ ਦੇ ਧੂੰਏਂ ਦੀ ਹਲਕੀ ਜਿਹੀ ਖ਼ੁਸ਼ਬੋ ਉਹਦੇ ਨੱਕ ਵਿੱਚ ਘੁਲ ਰਹੀ ਸੀ। ਨੇੜੇ ਕਿਤੇ ਕੋਈ ਮੱਕੀ ਛਿੱਲ ਰਿਹਾ ਸੀ — ਖੜ-ਖੜ, ਖੜ-ਖੜ — ਉਹੀ ਆਵਾਜ਼ ਜੋ ਉਹ ਬਾਲ ਉਮਰੇ ਘੰਟਿਆਂ-ਬੱਧੀ ਸੁਣਦਾ ਰਹਿੰਦਾ। ਕਿਧਰੋਂ ਕਿਸੇ ਚਿੜੀ ਦਾ ਬੋਲ ਉੱਠਿਆ, ਅਤੇ ਦੂਰੋਂ ਕੁੱਤੇ ਦੀ ਆਵਾਜ਼ ਉਹਦੇ ਕੰਨੀਂ ਆਣ ਪਈ।
“ਉੱਠ ਜਾ, ਮੇਰੀਏ ਚਿੜੀਏ।”
ਓਹਦੀ ਦਾਦੀ ਦੇ ਬੋਲ ਮੁੜ ਓਹਦੇ ਕੰਨਾਂ ਵਿੱਚ ਆਣ ਵੱਜੇ।
ਉਸਨੇ ਮੁਸਕਰਾਉਣਾ ਚਾਹਿਆ, ਪਰ ਬੁੱਲ੍ਹਾਂ ਨੇ ਸਾਥ ਨਾ ਦਿੱਤਾ। ਉੱਠਣਾ ਚਾਹਿਆ, ਪਰ ਪਿੰਡਾ ਨਾ ਹਿੱਲਿਆ। ਆਕਸੋ ਦੀ ਆਵਾਜ਼ ਮੱਧਮ ਪੈਣ ਲੱਗੀ, ਘਾਹ ਦੀ ਮਹਿਕ ਫਿੱਕੀ ਹੋਣ ਲੱਗੀ — ਜਿਵੇਂ ਕੋਈ ਉਹਨੂੰ ਉਸ ਨਿੱਘ ਤੋਂ ਪਿੱਛੇ ਖਿੱਚ ਰਿਹਾ ਹੋਵੇ।
ਦੂਰੋਂ ਇੱਕ ਡੂੰਘੀ ਜਿਹੀ ਘੁਰਘੁਰਾਹਟ ਉੱਠੀ — ਪਹਿਲਾਂ ਹੌਲੀ, ਫੇਰ ਨੇੜੇ ਆਉਂਦੀ, ਫੇਰ ਚਾਰੇ ਪਾਸੇ ਫੈਲਦੀ ਹੋਈ। ਆਕਸੋ ਦੀ ਆਵਾਜ਼ ਉਸ ਘੁਰਘੁਰਾਹਟ ਹੇਠ ਡੁੱਬ ਗਈ।
ਫੇਰ ਅਸਮਾਨ ਫਟਿਆ।
ਗਰਜ ਨੇ ਘਰ ਦੀਆਂ ਨੀਹਾਂ ਨੂੰ ਹਿਲਾ ਦਿੱਤਾ। ਬਾਰੀਆਂ ਦੇ ਸ਼ੀਸ਼ੇ ਕੰਬੇ। ਬਿਜਲੀ ਚਮਕੀ ਅਤੇ ਇੱਕ ਪਲ ਲਈ ਸਾਰੇ ਕਮਰੇ ਵਿੱਚ ਚਾਨਣ ਹੋ ਗਿਆ।
ਉਹਨੇ ਅੱਖਾਂ ਖੋਲ੍ਹੀਆਂ। ਆਕਸੋ, ਉਹੋ ਮੱਕੀ, ਨਿੱਘੀ ਧੁੱਪ ਵਾਲਾ ਸੂਰਜ ਅਤੇ ਉਹੋ ਮਹਿਕ ਕਿਤੇ ਵੀ ਨਹੀਂ ਦਿਸ ਰਹੇ ਸਨ। ਬੱਸ ਉਹ, ਘਰ ਦੀ ਛੱਤ ਵੱਲ ਨੂੰ ਮੂੰਹ ਕੀਤਾ, ਫ਼ਰਸ਼ ਉੱਤੇ ਲਿਟਿਆ ਪਿਆ ਸੀ।
ਪਹਿਲਾਂ ਉਹਨੂੰ ਆਪਣਾ ਸਾਹ ਸੁਣਿਆ — ਭਾਰਾ ਅਤੇ ਟੁੱਟਿਆ ਹੋਇਆ, ਜਿਵੇਂ ਛਾਤੀ ਦੇ ਅੰਦਰ ਕੋਈ ਪੁਰਾਣਾ ਦਰਵਾਜ਼ਾ ਖੁੱਲ੍ਹਣ-ਬੰਦ ਹੋਣ ਤੋਂ ਥੱਕ ਚੁੱਕਾ ਹੋਵੇ। ਫੇਰ ਦਰਦ ਮਹਿਸੂਸ ਹੋਣ ਲੱਗਾ — ਸਿਰ ਵਿੱਚ, ਗਰਦਨ ਵਿੱਚ, ਕੁੱਲ੍ਹਿਆਂ ਵਿੱਚ — ਜਿਵੇਂ ਕੋਈ ਉਹਨੂੰ ਕਈ ਥਾਵਾਂ ਤੋਂ ਇੱਕੋ ਵੇਲ਼ੇ ਖਿੱਚ ਰਿਹਾ ਹੋਵੇ।
ਉਹਨੇ ਹਿੱਲਣ ਦੀ ਕੋਸ਼ਿਸ਼ ਕੀਤੀ ਤਾਂ ਪੁਰਾਣੇ ਲੱਕੜ ਦੇ ਫ਼ਰਸ਼ ਦੀ ਠੰਢ ਉਹਦੇ ਅੰਦਰ ਤੱਕ ਉੱਤਰ ਆਈ। ਘਰ ਦਾ ਫ਼ਰਸ਼ ਚਿੱਟੇ ਬਲੂਤ ਦੀ ਲੱਕੜ ਦਾ ਸੀ, ਜੋ ਪੁਰਾਣਾ ਹੋਣ ਕਰਕੇ ਹੁਣ ਥਾਂ-ਥਾਂ ਤੋਂ ਗਲਿਆ ਅਤੇ ਖੁਰਚਿਆ ਹੋਇਆ ਸੀ।
ਉਹਨੇ ਥੋੜ੍ਹਾ ਜਿਹਾ ਸਿਰ ਚੁੱਕਿਆ ਤਾਂ ਨਜ਼ਰ ਬਾਹਰ ਪਈ, ਜਿੱਥੇ ਪਰਲੋ ਵਰਗਾ ਮਾਹੌਲ ਬਣਿਆ ਹੋਇਆ ਸੀ। ਜੰਗਾਂ ਵਿਚ ਡਿੱਗਦੇ ਬੰਬਾਂ ਵਾਂਗੂੰ ਬੱਦਲ ਗੱਜ ਰਹੇ ਸਨ, ਤੇਜ਼ ਹਨੇਰੀ ਹੁਣ ਝੱਖੜ ਦਾ ਰੂਪ ਲੈ ਚੁੱਕੀ ਸੀ, ਅਤੇ ਬਾਹਰ ਮੀਂਹ ਐਵੇਂ ਪੈ ਰਿਹਾ ਸੀ ਜਿਵੇਂ ਅਸਮਾਨ ਵਿੱਚ ਹੀਨੋ3 ਦੇ ਅੱਥਰੂ ਕਿਰ ਰਹੇ ਹੋਣ। ਘਰ ਦੇ ਅੰਦਰ, ਉਸ ਸ਼ੋਰ ਦੇ ਉਲਟ, ਘੜੀ ਦੀ ਟਿਕ-ਟਿਕ ਸੁਣਾਈ ਦੇ ਰਹੀ ਸੀ। ਉਹਦੇ ਆਪਣੇ ਵਾਂਗ ਇਹ ਘੜੀ ਵੀ ਹੁਣ ਹੌਲੀ ਹੋ ਗਈ ਸੀ। ਟਿਕ… ਟਿਕ … ਟਿਕ। ਜਿਵੇਂ ਸਮਾਂ ਆਪ ਥੱਕ ਚੁੱਕਾ ਹੋਵੇ, ਅਤੇ ਘੜੀ ਅੰਦਰ ਕੋਈ ਬੁੱਢਾ ਬੰਦਾ ਬੈਠਾ ਹੋਵੇ ਜੋ ਹਰ ਟਿਕ ਨਾਲ ਥੋੜ੍ਹਾ-ਥੋੜ੍ਹਾ ਖਤਮ ਹੋ ਰਿਹਾ ਹੋਵੇ।
ਹੋਸ਼ ਕਰਦਿਆਂ ਉਹਨੇ ਕਮਰੇ ਦੇ ਆਲੇ-ਦੁਆਲੇ ਅੱਖਾਂ ਘੁੰਮਾਈਆਂ ਅਤੇ ਉਹਨੂੰ ਘਰ ਦੇ ਹਾਲਾਤ ਦਿਸਣ ਲੱਗੇ। ਉਹਦੇ ਪੈਰਾਂ ਕੋਲ ਇੱਕ ਖ਼ਾਲੀ ਬੋਤਲ ਡਿੱਗੀ ਪਈ ਸੀ, ਦੂਜੀ ਮੇਜ਼ ਦੇ ਥੱਲੇ, ਤੀਜੀ ਅਲਮਾਰੀ ਕੋਲ — ਅਤੇ ਜਦੋਂ ਤੂਫ਼ਾਨ ਨੇ ਘਰ ਨੂੰ ਜ਼ਰਾ ਜਿਹਾ ਹਿਲਾਇਆ, ਤਿੰਨੋਂ ਠੱਕ-ਠੱਕ ਕਰਦੀਆਂ ਆਪਸ ਵਿੱਚ ਟਕਰਾਈਆਂ।
ਬਿਜਲੀ ਫੇਰ ਚਮਕੀ ਤਾਂ ਕੰਧ ਉੱਤੇ ਫੀਤੀਆਂ ਨਾਲ਼ ਟੰਗੇ ਛੋਟੇ-ਛੋਟੇ ਤਗ਼ਮੇ ਚਮਕੇ ਅਤੇ ਛੱਣ-ਛੱਣ ਕਰ ਉੱਠੇ। ਉਹਨੇ ਨਿਗਾਹ ਪਾਸੇ ਮੋੜ ਲਈ, ਅਤੇ ਨਜ਼ਰ ਫ਼ਰਸ਼ ਉੱਤੇ ਜਾ ਟਿਕੀ। ਉਹਦੇ ਤੋਂ ਥੋੜ੍ਹੀ ਦੂਰ ਛੱਤ ਨੂੰ ਮੂੰਹ ਕੀਤਾ ਇੱਕ ਫ਼੍ਰੇਮ ਪਿਆ ਸੀ। ਉਸਦਾ ਸ਼ੀਸ਼ਾ ਚੀਰਾ ਖਾ ਚੁੱਕਾ ਸੀ, ਅਤੇ ਉਸ ਲੰਬੇ ਜਿਹੇ ਚੀਰੇ ਨੇ ਫ਼੍ਰੇਮ ਨੂੰ ਦੋ ਹਿੱਸਿਆਂ ਵਿੱਚ ਵੰਡ ਛੱਡਿਆ ਸੀ। ਉਹਨੇ ਉਸ ਫ਼੍ਰੇਮ ਵੱਲ ਬਿੰਦੇ-ਬਿੰਦੇ ਝਾਕਿਆ, ਪਰ ਉਹਨੂੰ ਉਸ ਵੱਲ ਪੂਰੀ ਤਰ੍ਹਾਂ ਦੇਖਣ ਦੀ ਹਿੰਮਤ ਨਾ ਪਈ।
ਅੱਖਾਂ ਮੀਟ ਕੇ ਉਸਨੇ ਚੇਤਾ ਕਰਨਾ ਚਾਹਿਆ ਕਿ ਉਹ ਫ਼ਰਸ਼ ਉੱਤੇ ਕਿਉਂ ਪਿਆ ਹੈ। ਕੁਝ ਚਿਰ ਪਹਿਲਾਂ ਕੁਝ ਤਾਂ ਹੋਇਆ ਸੀ। ਕਿੰਨਾ ਚਿਰ ਪਹਿਲਾਂ, ਉਹਨੂੰ ਪਤਾ ਨਹੀਂ ਸੀ। ਹੌਲੀ-ਹੌਲੀ ਗੱਲਾਂ ਚੇਤੇ ਆਉਣ ਲੱਗੀਆਂ: ਉਹ ਖੜ੍ਹਾ ਸੀ, ਫੇਰ ਉਹ ਫ਼ਰਸ਼ ‘ਤੇ ਲੇਟਿਆ ਸੀ। ਵਿਚਾਲੇ ਜੋ ਹੋਇਆ, ਉਹਦੇ ਮਨ ਨੇ ਕਿਤੇ ਡੂੰਘੀ ਥਾਂ ਪਾ ਛੱਡਿਆ।
ਉਹਨੇ ਗਰਦਨ ਨੂੰ ਛੋਹਿਆ, ਹੱਥ ਲਾਉਣ ‘ਤੇ ਪੀੜ ਹੋ ਰਹੀ ਸੀ, ਦੇਖਣ ‘ਤੇ ਲਾਲ ਲਾਸ਼ਾਂ ਵੀ ਸਨ — ਪਰ ਉਹ ਔਖੇ-ਸੌਖੇ ਸਾਹ ਲੈ ਰਿਹਾ ਸੀ। ਫੇਰ ਉਹਨੇ ਹੱਥ ਥੱਲੇ ਕਰ ਲਿਆ, ਜਿਵੇਂ ਹੋਰ ਕੁਝ ਜਾਣਨਾ ਨਾ ਚਾਹੁੰਦਾ ਹੋਵੇ। ਪਰ ਜੋ ਉੱਪਰ ਸੀ, ਉਹ ਉੱਥੇ ਹੀ ਸੀ। ਛੱਤ ਦੇ ਇੱਕ ਸ਼ਤੀਰ ਉੱਤੇ ਕੁਝ ਲਟਕ ਰਿਹਾ ਸੀ। ਉਹਨੇ ਪਰਖਣ ਦੀ ਕੋਸ਼ਿਸ਼ ਨਾ ਕੀਤੀ ਕਿ ਕੀ ਹੈ।
ਛੱਤ ਦੇ ਕਿਸੇ ਕੋਨੇ ਤੋਂ ਪਾਣੀ ਤ੍ਰਿਪ ਰਿਹਾ ਸੀ, ਜੋ ਘੜੀ ਦੀ ਟਿਕ-ਟਿਕ ਤੋਂ ਉਲਟ ਚੱਲ ਰਿਹਾ ਸੀ, ਦੋਵੇਂ ਆਵਾਜ਼ਾਂ ਇੰਝ ਜਾਪ ਰਹੀਆਂ ਸਨ ਜਿਵੇਂ ਆਪਸ ਵਿੱਚ ਕੋਈ ਅੜੀ ਪੁਗਾ ਰਹੀਆਂ ਹੋਣ।
ਉਹਨੇ ਨੇੜੇ ਡਿੱਗੇ ਸਟੂਲ ਨੂੰ ਸਿੱਧਾ ਕੀਤਾ ਅਤੇ ਉਸਦੇ ਸਹਾਰੇ ਆਪਣੇ ਆਪ ਨੂੰ ਅੱਧਾ ਕੁ ਉਠਾਇਆ। ਸਰੀਰ ਟੁੱਟ ਰਿਹਾ ਸੀ, ਪਰ ਉਹਨੇ ਪਰਵਾਹ ਨਾ ਕੀਤੀ। ਕਮਰੇ ਦੀਆਂ ਉਹ ਚੀਜ਼ਾਂ ਜੋ ਪਹਿਲਾਂ ਅਲੱਗ-ਅਲੱਗ ਉਹਨੂੰ ਦਿਸ ਰਹੀਆਂ ਸਨ, ਹੁਣ ਇੱਕ-ਦੂਜੇ ਨਾਲ਼ ਜੁੜ ਕੇ ਪੂਰੀ ਸ਼ਕਲ ਅਖ਼ਤਿਆਰ ਕਰਨ ਲੱਗੀਆਂ — ਇੱਕ ਪੁਰਾਣਾ ਮੇਜ਼, ਉਹਦੇ ਨਾਲ਼ ਇੱਕ ਪੁਰਾਣੀ ਕੁਰਸੀ ਜਿਸਦੀ ਇੱਕ ਲੱਤ ਟੇਢੀ ਸੀ। ਮੇਜ਼ ਦੇ ਉੱਤੇ ਅਖ਼ਬਾਰਾਂ ਦਾ ਇੱਕ ਢੇਰ ਪਿਆ ਸੀ, ਜਿਸ ਵਿੱਚ ਕੁਝ ਮਹੀਨੇ ਪੁਰਾਣੇ ਸਨ ਅਤੇ ਕੁਝ ਸਾਲਾਂ ਤੋਂ ਵੀ ਪੁਰਾਣੇ। ਉਹਨਾਂ ਦੇ ਨਾਲ਼ ਹੀ ਇੱਕ ਖ਼ਾਲੀ ਪਲੇਟ ਜਿਸ ਉੱਤੇ ਕੁਝ ਸੁੱਕਿਆ ਪਿਆ ਸੀ। ਅਤੇ ਕੰਧ ਉੱਤੇ ਇੱਕ ਪੁਰਾਣੀ ਸਲੀਬ ਟੰਗੀ ਹੋਈ ਸੀ।
ਬਾਹਰ ਬਿਜਲੀ ਦੀ ਗਰਜ ਹੁਣ ਥੋੜ੍ਹੀ ਚੁੱਪ ਪੈ ਗਈ ਸੀ, ਅਤੇ ਇਸੇ ਚੁੱਪ ਵਿੱਚ ਉਹਨੂੰ ਉਹ ਆਵਾਜ਼ ਮੁੜ ਸੁਣਾਈ ਦਿੱਤੀ। ਨਹੀਂ। ਆਵਾਜ਼ ਨਹੀਂ। ਆਵਾਜ਼ ਦੀ ਯਾਦ।
“ਓਜਿਸਟਾ।”
ਉਹਨੇ ਸਿਰ ਚੁੱਕਿਆ, ਜਿਵੇਂ ਕਮਰੇ ਵਿੱਚ ਕਿਤੇ ਕੋਈ ਕੋਨਾ ਹੋਵੇ ਜਿੱਥੋਂ ਆਵਾਜ਼ ਆਈ ਹੋਵੇ। ਪਰ ਕਮਰਾ ਚੁੱਪ ਸੀ। ਘੜੀ ਟਿਕ-ਟਿਕ ਕਰ ਰਹੀ ਸੀ। ਮੀਂਹ ਤ੍ਰਿਪ ਰਿਹਾ ਸੀ। ਬਿਜਲੀ ਚਮਕੀ, ਪਰ ਕਮਰੇ ਵਿਚ ਹੋਰ ਕੋਈ ਨਹੀਂ ਸੀ।
ਉਹਨੂੰ ਇਹ ਨਾਂ ਸੁਣਿਆਂ ਚਿਰ ਹੋ ਚੁੱਕਾ ਸੀ। ਏਨਾ ਚਿਰ ਕਿ ਉਹਨੇ ਮੰਨ ਲਿਆ ਸੀ ਕਿ ਇਹ ਨਾਂ ਕਿਸੇ ਹੋਰ ਦਾ ਸੀ। ਕਿਸੇ ਮੁੰਡੇ ਦਾ ਜੋ ਕਿਤੇ ਪਿੱਛੇ ਰਹਿ ਗਿਆ ਸੀ। ਕਿਸੇ ਹੋਰ ਜ਼ਮਾਨੇ ਵਿੱਚ। ਕਿਸੇ ਹੋਰ ਦੁਨੀਆਂ ਵਿੱਚ।
ਉਹਦਾ ਆਪਣਾ ਨਾਂ ਬੌਬ4 ਸੀ। ਜਾਂ ਉਹਨੂੰ ਇਹੀ ਯਾਦ ਕਰਾਇਆ ਗਿਆ ਸੀ। ਕਾਗ਼ਜ਼ਾਂ ਉੱਤੇ ਇਹੀ ਲਿਖਿਆ ਜਾਂਦਾ ਸੀ। ਡਾਕ ਇਸੇ ਨਾਂ ‘ਤੇ ਆਉਂਦੀ ਸੀ। ਜੇ ਕੋਈ ਆ ਕੇ ਦਰਵਾਜ਼ਾ ਖੜਕਾਉਂਦਾ ਤਾਂ ਇਹੀ ਨਾਂ ਪੁੱਛਦਾ। “ਬੌਬ ਘਰ ਹੈ?”
ਪਰ “ਓਜਿਸਟਾ?” ਇਹ ਨਾਂ ਤਾਂ ਉੱਥੇ ਰਹਿੰਦਾ ਜਿੱਥੇ ਆਕਸੋ ਦੀ ਆਵਾਜ਼ ਰਹਿੰਦੀ ਸੀ। ਜਿੱਥੇ ਮੱਕੀ ਦੀ ਖੜ-ਖੜ, ਜਿੱਥੇ ਘਾਹ, ਜਿੱਥੇ ਉਹ ਆਪ ਆਜ਼ਾਦ ਪਰਿੰਦਿਆਂ ਵਾਂਗ ਜਿਉਂਦਾ ਸੀ।
ਤੂਫ਼ਾਨ ਨੇ ਘਰ ਨੂੰ ਫੇਰ ਹਿਲਾਇਆ। ਆਪਣੇ ਘਰ ਦੇ ਵਿਚਕਾਰ ਫ਼ਰਸ਼ ਉੱਤੇ ਬੈਠਿਆਂ ਉਹਨੇ ਪਹਿਲੀ ਵਾਰ ਚਿਰਾਂ ਬਾਅਦ ਉਸ ਨਾਂ ਨੂੰ ਆਪਣੀ ਜੀਭ ਉੱਤੇ ਰੱਖਿਆ। ਬੋਲਿਆ ਨਹੀਂ, ਬੱਸ ਮੂੰਹ ਵਿੱਚ ਰੱਖਿਆ।
ਓਜਿਸਟਾ।
ਬਾਹਰ ਬਿਜਲੀ ਫੇਰ ਚਮਕੀ। ਕੰਧ ਉੱਤੇ ਟੰਗਿਆ ਸਮਾਨ ਫਿਰ ਲਿਸ਼ਕਿਆ, ਫ਼ਰਸ਼ ਉੱਤੇ ਪਏ ਫ਼੍ਰੇਮ ਵਿਚਲੀ ਫੋਟੋ ਦਾ ਮੁਹਾਂਦਰਾ ਸਾਫ਼ ਹੋਇਆ, ਅਤੇ ਛੱਤ ਉੱਤੇ ਜੋ ਲਟਕ ਰਿਹਾ ਸੀ ਉਹ ਵੀ ਚਮਕਿਆ। ਪਰ ਉਹਨੇ ਇਹਨਾਂ ਵਿੱਚੋਂ ਕਿਸੇ ਚੀਜ਼ ਵੱਲ ਨਹੀਂ ਵੇਖਿਆ।
ਉਹਨੇ ਫਿਰ ਅੱਖਾਂ ਮੀਟ ਲਈਆਂ।
ਅਤੇ ਉਹਦੇ ਅੰਦਰ ਕਿਤੇ, ਉਸ ਥਾਂ ਜਿੱਥੇ ਆਕਸੋ ਅਜੇ ਵੀ ਜਿਉਂਦੀ ਸੀ, ਉੱਥੋਂ ਨਿਕਲੇ ਬੋਲ ਉਹਨੂੰ ਮੁੜ ਸੁਣਾਈ ਦਿੱਤੇ:
“ਉੱਠ ਜਾ, ਪੁੱਤ, ਉੱਠ ਜਾ।”
Footnotes
-
ਓਜਿਸਟਾ (Ojistah) — ਮੋਹਾਕ (Mohawk) ਭਾਸ਼ਾ ਦਾ ਇੱਕ ਨਾਂ। ਮੋਹਾਕ ਉੱਤਰੀ ਅਮਰੀਕਾ ਦੇ ਮੂਲ ਨਿਵਾਸੀ (Indigenous) ਲੋਕ ਹਨ ਜੋ ਅੱਜ-ਕੱਲ੍ਹ ਮੁੱਖ ਤੌਰ ‘ਤੇ ਔਂਟਾਰੀਓ, ਕਿਊਬੈੱਕ ਅਤੇ ਨਿਊ ਯਾਰਕ ਦੇ ਇਲਾਕਿਆਂ ਵਿੱਚ ਵੱਸਦੇ ਹਨ। ↩
-
ਆਕਸੋ (Ákso) — ਮੋਹਾਕ ਭਾਸ਼ਾ ਵਿੱਚ “ਦਾਦੀ” ਜਾਂ “ਨਾਨੀ” ਨੂੰ ਆਕਸੋ ਜਾਂ ਆਕਸੋਥਾ (aksótha) ਕਿਹਾ ਜਾਂਦਾ ਹੈ। ↩
-
ਹੀਨੋ (Hino) — ਮੋਹਾਕ ਅਤੇ ਹੋਰ ਇਰੋਕੁਆ (Iroquois) ਕੌਮਾਂ ਦੀ ਪੁਰਾਣੀ ਆਸਥਾ ਵਿੱਚ ਬਰਸਾਤ ਅਤੇ ਤੂਫ਼ਾਨ ਦਾ ਦੇਵਤਾ। ਉਹਨੂੰ ਅਸਮਾਨ ਦਾ ਰਾਖਾ ਮੰਨਿਆ ਜਾਂਦਾ ਹੈ ਜੋ ਬੱਦਲਾਂ ਵਿੱਚੋਂ ਆਪਣੀ ਆਵਾਜ਼ ਨਾਲ਼ ਧਰਤੀ ਨੂੰ ਪਾਣੀ ਪਹੁੰਚਾਉਂਦਾ ਹੈ। ↩
-
ਬੌਬ (Bob) — ਅੰਗਰੇਜ਼ੀ ਨਾਂ। ਪਾਤਰ ਨੂੰ ਇਹ ਨਾਂ ਉਹਦੀ ਆਪਣੀ ਮਰਜ਼ੀ ਨਾਲ਼ ਨਹੀਂ ਮਿਲਿਆ ਸੀ। ਇਹ ਨਾਂ ਉਹ ਕਿਉਂ ਅਤੇ ਕਿੱਥੋਂ ਲੈ ਕੇ ਆਇਆ, ਉਸ ਕਹਾਣੀ ਨੂੰ ਅੱਗੇ ਆਉਣ ਵਾਲੇ ਭਾਗਾਂ ਵਿੱਚ ਖੋਲ੍ਹਿਆ ਜਾਵੇਗਾ। ↩